ਸੰਤ ਸੀਚੇਵਾਲ ਦੀ ਪਹਿਲਕਦਮੀ ਨਾਲ 31 ਸਾਲ ਬਾਅਦ ਖੁੱਲ੍ਹਣ ਲੱਗੀ ਸੀਵਰ ਲਾਈਨ

-15 ਕਿਲੋਮੀਟਰ ਲੰਮੀ ਪਾਇਪ ਲਾਈਨ ਦੀ ਸਫ਼ਾਈ ਜਾਰੀ, ਪ੍ਰਸ਼ਾਸਨਿਕ ਲਾਪਰਵਾਹੀ ਆਈ ਸਾਹਮਣੇ
---
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ ਨਾਲ ਪਿਛਲੇ ਲਗਭਗ 31 ਸਾਲਾਂ ਤੋਂ ਬੰਦ ਪਈ ਸੀਵਰ ਪਾਇਪ ਲਾਈਨ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਹ ਪਾਇਪ ਲਾਈਨ ਭੱਟੀਆ ਟਰੀਟਮੈਂਟ ਪਲਾਂਟ ਤੱਕ ਜਾਂਦੀ ਹੈ ਅਤੇ ਇਸ ਦੀ ਕੁੱਲ ਲੰਬਾਈ ਕਰੀਬ 15 ਕਿਲੋਮੀਟਰ ਦੱਸੀ ਜਾ ਰਹੀ ਹੈ।
ਨਗਰ ਨਿਗਮ ਲੁਧਿਆਣਾ ਦੇ ਪ੍ਰਬੰਧਕੀ ਐਕਸੀਅਨ ਕਮਲ ਰਾਮ ਮੁਤਾਬਕ ਡਾਵਰ ਫੈਕਟਰੀ ਤੋਂ ਢੋਕਾ ਮੋਹੱਲੇ ਤੱਕ ਲਗਭਗ 2 ਕਿਲੋਮੀਟਰ ਹਿੱਸਾ ਪੂਰੀ ਤਰ੍ਹਾਂ ਬੰਦ ਪਿਆ ਸੀ। ਇਸ ਦੇ ਬੰਦ ਹੋਣ ਦਾ ਮੁੱਖ ਕਾਰਨ ਡਾਇੰਗ ਉਦਯੋਗਾਂ ਵੱਲੋਂ ਸੁੱਟੀ ਗਈ ਰਹਿੰਦ-ਖੂੰਹਦ ਸੀ, ਜਿਸ ਵਿੱਚ ਧਾਗੇ, ਕੱਪੜਿਆਂ ਦੀਆਂ ਕਾਤਰਾਂ ਅਤੇ ਹੋਰ ਕੂੜਾ-ਕਰਕਟ ਸ਼ਾਮਲ ਸੀ। ਇਸ ਤੋਂ ਇਲਾਵਾ ਗਊਸ਼ਾਲਿਆਂ ਦਾ ਗੋਹਾ ਵੀ ਇਸ ਪਾਇਪ ਲਾਈਨ ਵਿੱਚ ਸੁੱਟਿਆ ਜਾਂਦਾ ਰਿਹਾ। ਨਿਗਮ ਅਧਿਕਾਰੀਆਂ ਅਨੁਸਾਰ ਹੁਣ ਤੱਕ ਕਰੀਬ ਇੱਕ ਕਿਲੋਮੀਟਰ ਤੋਂ ਵੱਧ ਪਾਇਪ ਲਾਈਨ ਸਾਫ਼ ਕੀਤੀ ਜਾ ਚੁੱਕੀ ਹੈ ਅਤੇ ਸਫ਼ਾਈ ਦਾ ਕੰਮ ਗੁਰਦੁਆਰਾ ਗਾਊਘਾਟ ਦੇ ਨੇੜੇ ਤੱਕ ਪਹੁੰਚ ਗਿਆ ਹੈ। ਸੂਤਰਾਂ ਮੁਤਾਬਕ ਇਹ ਲਾਈਨ ਸਾਲ 1994 ਤੋਂ ਬੰਦ ਪਈ ਸੀ।।ਸੰਤ ਸੀਚੇਵਾਲ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ, ਉਨ੍ਹਾਂ ਇਸਨੂੰ ਬੁੱਢੇ ਦਰਿਆ ਦੀ ਸਫ਼ਾਈ ਸੰਬੰਧੀ ਸਮੀਖਿਆ ਮੀਟਿੰਗਾਂ ਵਿੱਚ ਉਠਾਇਆ। ਉਨ੍ਹਾਂ ਦੀ ਪਹਿਲਕਦਮੀ ਨਾਲ ਹੁਣ 30 ਮਈ ਤੱਕ ਇਸ ਪਾਇਪ ਲਾਈਨ ਨੂੰ ਮੁੜ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਕਿਹਾ ਕਿ ਪਾਇਪ ਲਾਈਨ ਚਾਲੂ ਕਰਨ ਦੀ ਥਾਂ ਦੋ ਪੰਪਿੰਗ ਸਟੇਸ਼ਨ ਲਗਾ ਕੇ ਗੰਦੇ ਪਾਣੀ ਨੂੰ ਮੋਟਰਾਂ ਰਾਹੀਂ ਚੁੱਕਿਆ ਜਾ ਰਿਹਾ ਸੀ, ਜੋ ਪ੍ਰਸ਼ਾਸਨਿਕ ਲਾਪਰਵਾਹੀ ਦੀ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜੇ ਲਾਈਨ ਪਹਿਲਾਂ ਚੱਲਦੀ ਰਹਿੰਦੀ ਤਾਂ ਇਹ ਪੰਪਿੰਗ ਸਟੇਸ਼ਨ ਲਗਾਉਣ ਦੀ ਲੋੜ ਹੀ ਨਾ ਪੈਂਦੀ।
ਅਧਿਕਾਰੀਆਂ ਮੁਤਾਬਕ ਪਾਇਪ ਲਾਈਨ ਦੀ ਚੌੜਾਈ 66 ਇੰਚ ਤੋਂ 96 ਇੰਚ ਤੱਕ ਹੈ, ਜੋ ਚਾਂਦ ਸਿਨੇਮਾ ਤੋਂ ਜਲੰਧਰ ਬਾਈਪਾਸ ਰਾਹੀਂ ਭੱਟੀਆਂ ਤੱਕ ਜਾਂਦੀ ਹੈ। ਪਹਿਲਾਂ ਇਸ ਦੀ ਦੇਖਭਾਲ ਸੀਵਰੇਜ ਬੋਰਡ ਕੋਲ ਸੀ, ਜੋ ਹੁਣ ਨਗਰ ਨਿਗਮ ਦੇ ਹਵਾਲੇ ਹੈ।
---
ਬੁੱਢੇ ਦਰਿਆ ਵਿੱਚ ਅਜੇ ਵੀ ਰੋਜ਼ 80 ਟਨ ਗੋਹਾ ਪਹੁੰਚ ਰਿਹਾ
ਤਾਜਪੁਰ ਅਤੇ ਹੈਬੋਵਾਲ ਡੇਅਰੀ ਕੰਪਲੈਕਸਾਂ ਵਿੱਚੋਂ ਗੋਹਾ ਚੁੱਕਣ ਦੀ ਕਾਰਵਾਈ ਵਿੱਚ ਤੇਜ਼ੀ ਆਈ ਹੈ। ਐਸਡੀਓ ਅੰਮ੍ਰਿਤਪਾਲ ਸਿੰਘ ਮੁਤਾਬਕ ਤਾਜਪੁਰ ਤੋਂ 200 ਟਨ ਅਤੇ ਹੈਬੋਵਾਲ ਤੋਂ 370 ਟਨ ਗੋਹਾ ਚੁੱਕਿਆ ਗਿਆ ਹੈ। ਹਾਲਾਂਕਿ ਰੋਜ਼ਾਨਾ ਕਰੀਬ 650 ਟਨ ਗੋਹਾ ਬਣਦਾ ਹੈ, ਜਿਸ ਵਿੱਚੋਂ ਅਜੇ ਵੀ ਲਗਭਗ 80 ਟਨ ਬੁੱਢੇ ਦਰਿਆ ਵਿੱਚ ਪਹੁੰਚ ਰਿਹਾ ਹੈ। ਸੰਤ ਸੀਚੇਵਾਲ ਨੇ ਇਸਨੂੰ ਵੱਡੀ ਪ੍ਰਗਤੀ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਸਾਰਾ ਗੋਹਾ ਹੀ ਦਰਿਆ ਵਿੱਚ ਜਾਂਦਾ ਸੀ, ਜੋ ਹੁਣ ਕਾਫ਼ੀ ਘੱਟ ਗਿਆ ਹੈ।