ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੈਮੀਫਾਈਨਲ ਮੁਕਾਬਲੇ ਅੱਜ, ਜਰਖੜ ਅਕੈਡਮੀ ਤੇ ਰਾਮਪੁਰ, ਘਵੱਦੀ ਤੇ ਅਮਰਗੜ੍ਹ ਦੀ ਹੋਵੇਗੀ ਟੱਕਰ
ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੈਮੀ ਫਾਈਨਲ ਮੁਕਾਬਲੇ ਅੱਜ
Publish Date: Fri, 29 May 2026 06:39 PM (IST)
Updated Date: Fri, 29 May 2026 06:41 PM (IST)

ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ 7ਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਅਮਰਗੜ੍ਹ ਹਾਕੀ ਸੈਂਟਰ ਨੇ ਆਪੋ ਆਪਣੇ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਉਥੇ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਹਾਕੀ ਸੈਂਟਰ ,ਜਰਖੜ ਹਾਕੀ ਅਕੈਡਮੀ, ਚਚਰਾੜੀ ਅਤੇ ਐਚਟੀਸੀ ਰਾਮਪੁਰ ਨੇ ਵੀ ਜਿੱਤਾਂ ਹਾਸਲ ਕਰਦਿਆਂ ਆਖਰੀ ਚਾਰਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਸੀਨੀਅਰ ਵਰਗ ਜਰਖੜ ਹਾਕੀ ਅਕੈਡਮੀ ਨੇ ਆਪਣੇ ਕੁਆਰਟਰ ਫਾਈਨਲ ਮੈਚ ਵਿੱਚ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਮੋਗਾ ਨਾਲ 7-7 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿੱਚ 3-1 ਨਾਲ ਜਿੱਤ ਹਾਸਿਲ ਕੀਤੀ ਅਤੇ ਦੂਸਰੇ ਮੈਚ ਵਿੱਚ ਅਮਰਗੜ੍ਹ ਹਾਕੀ ਸੈਂਟਰ ਨੇ ਜੰਗ ਕਲੱਬ ਉਟਾਲਾ ਨੂੰ 7-3 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹਿਲੀ ਵਾਰ ਪ੍ਰਵੇਸ਼ ਕੀਤਾ। ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਸੰਗਰੂਰ ਨੂੰ 4-1 ਜਦਕਿ ਐਚਟੀਸੀ ਰਾਮਪੁਰ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 6-4 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਇਸ ਮੌਕੇ ਬਲਦੇਵ ਸਿੰਘ ਮੁਕੰਦਪੁਰ, ਨਰਿੰਦਰ ਸਿੰਘ ਮੁੰਡੀਆ, ਮਨਜਿੰਦਰ ਸਿੰਘ ਇਆਲੀ,ਅਮਰੀਕ ਸਿੰਘ ਮਿਨਹਾਸ ਏਆਈਜੀ, ਸਰਬਜੀਤ ਸਿੰਘ ਬੱਲ ਕਨੇਡਾ ਨੇ ਵੱਖ ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ। ਇਸ ਮੌਕੇ ਬਲਦੇਵ ਸਿੰਘ ਮੁਕੰਦਪੁਰ ਨੇ ਖਿਡਾਰੀਆ ਲਈ 1 ਕੁਇੰਟਲ ਦੁੱਧ ਦੀ ਸੇਵਾ ਵੀ ਦਿੱਤੀ। ਇਸ ਮੌਕੇ ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖਸ਼ ਸਿੰਘ ਘਵੱਦੀ , ਕਰਨਪ੍ਰੀਤ ਸਿੰਘ ਫਿਰੋਜ਼ਪੁਰ, ਕੋਚ ਮਲਕੀਤ ਸਿੰਘ ਸੰਗਰੂਰ,ਕੋਚ ਹਰਮੀਤ ਸਿੰਘ ਜਰਖੜ ਅਕੈਡਮੀ, ਗੁਰ ਸਤਿੰਦਰ ਸਿੰਘ ਪ੍ਰਗਟ , ਕੁਲਦੀਪ ਸਿੰਘ ਘਵੱਦੀ , ਗੁਰਤੇਜ ਸਿੰਘ ਲਾਡੀ ਸੁਧਾਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਚਾਹਲ ਡੰਗੋਰਾ, ਰਘਵੀਰ ਸਿੰਘ ਡੰਗੋਰਾ,ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਸੈਮੀ ਫਾਈਨਲ ਮੁਕਾਬਲੇ 30 ਮਈ ਦਿਨ ਸ਼ਨੀਵਾਰ ਨੂੰ ਹੋਣਗੇ।