ਸਾਰਸ ਮੇਲਾ 2025 : ਵੱਖ-ਵੱਖ ਸੂਬਿਆਂ ਦੇ ਹੋਏ ਸੱਭਿਆਚਾਰ ਪ੍ਰੋਗਰਾਮ
ਸਾਰਸ ਮੇਲਾ 2025: ਪੀਏਯੂ ਦੇ ਓਪਨ ਏਅਰ ਥੀਏਟਰ 'ਚ ਵੱਖ-ਵੱਖ ਰਾਜਾਂ ਦੇ ਹੋਏ ਸੱਭਿਆਚਾਰ ਪ੍ਰੋਗਰਾਮ
Publish Date: Mon, 06 Oct 2025 10:53 PM (IST)
Updated Date: Tue, 07 Oct 2025 04:11 AM (IST)

ਭੰਗੜਾ, ਘੂਮਰ, ਕੱਥਕ, ਡਾਂਡੀਆ ਤੋਂ ਲੈ ਕੇ ਰੌਫ ਤੇ ਬਰਸਾਨਾ ਹੋਲੀ ਤੱਕ ਨੇ ਕੀਤਾ ਸਭ ਨੂੰ ਮੋਹਿਤ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਓਪਨ ਏਅਰ ਥਿਏਟਰ ’ਚ ਸੋਮਵਾਰ ਨੂੰ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਆਪਣੇ-ਆਪਣੇ ਸੂਬੇ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਸਮਾਗਮ ’ਚ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਤੇ ਵੱਖ-ਵੱਖ ਪ੍ਰਦੇਸ਼ਾਂ ਦੇ ਸੱਭਿਆਚਾਰ ਦਾ ਅਨੰਦ ਮਾਣਿਆ। ਪੀਏਯੂ ਦੇ ਓਪਨ ਏਅਰ ਥਿਏਟਰ ’ਚ ਰਾਮਗੜ੍ਹੀਆ ਗਰਲਜ਼ ਸਕੂਲ ਨੇ ਗਿੱਧਾ, ਲੋਕ ਗੀਤ ਤੇ ਕਵੀਸ਼ਰੀ, ਹਰਕ੍ਰਿਸ਼ਨ ਸਕੂਲ ਫੱਲੇਵਾਲ ਨੇ ਗਿੱਧਾ ਤੇ ਭੰਗੜਾ, ਦਸਮੇਸ਼ ਸਕੂਲ ਲੁਧਿਆਣਾ ਨੇ ਰਾਜਸਥਾਨੀ ਲੋਕ ਨਾਚ ਤੇ ਭੰਗੜਾ, ਸਰਕਾਰੀ ਹਾਈ ਸਕੂਲ ਦਾਦ ਨੇ ਫੋਕ ਡਾਂਸ, ਉਂਤਰ ਪ੍ਰਦੇਸ਼ ਤੋਂ ਆਈ ਟੀਮ ਨੇ ਬਰਸਾਨਾ ਕੀ ਹੋਲੀ ਤੇ ਮਯੂਰ ਡਾਂਸ, ਰਾਜਸਥਾਨ ਤੋਂ ਗਾਇਕ ਮੁਰਲੀ ਰਾਜਸਥਾਨੀ ਨੇ ਮਾਣਕ ਦੇ ਲੋਕ ਗੀਤ, ਗੁਜਰਾਤ ਤੋਂ ਆਈ ਟੀਮ ਨੇ ਡਾਂਡੀਆ, ਰਾਜਸਥਾਨੀ ਆਈ ਟੀਮ ਨੇ ਕਾਲ ਬੇਲੀਆਂ, ਹਰਿਆਣਾ ਤੋਂ ਟੀਮ ਨੇ ਘੂਮਰ, ਡਰੈਗਨ ਭੰਗੜਾ ਗਰੁੱਪ ਲੁਧਿਆਣਾ ਨੇ ਭੰਗੜਾ, ਜੰਮੂ ਕਸ਼ਮੀਰ ਤੋਂ ਆਈ ਟੀਮ ਨੇ ਰੌਫ ਡਾਂਸ, ਮਹਾਰਾਸ਼ਟਰ ਤੋਂ ਆਈ ਟੀਮ ਨੇ ਫੌਂਕ ਡਾਂਸ ਕੋਲੀ, ਗਾਇਕ ਅਨਮੋਲਦੀਪ, ਗਾਇਕ ਹਰਬੰਸ ਰਸੀਲਾ ਤੇ ਪੁਲਿਸ ਸੱਭਿਆਚਾਰਕ ਟਰੂਪ ਪਟਿਆਲਾ ਨੇ ਗੀਤ ਸੰਗੀਤ ਦੀ ਪੇਸ਼ਕਾਰੀ ਦਿੱਤੀ। 7 ਅਕਤੂਬਰ ਸ਼ਾਮ ਨੂੰ ਸਾਰਸ ਮੇਲੇ ’ਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਮਨਰਾਜ ਪਾਤਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲੁਧਿਆਣਾ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 13 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਲੱਗੇ ਇਸ ਸਾਰਸ ਮੇਲੇ ’ਚ ਪਰਿਵਾਰ ਸਮੇਤ ਆ ਕੇ ਵੱਖ-ਵੱਖ ਰਾਜਾਂ ਦੇ ਭੋਜਨ, ਕਲਾਕ੍ਰਿਤੀਆਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਨਣ। ਬਾਕਸ-- ਸਭ ਤੋਂ ਸੋਹਣੀ ਦਸਤਾਰ ਬੰਨ੍ਹਣ ਦਾ ਹੋਇਆ ਮੁਕਾਬਲਾ ਲੁਧਿਆਣਾ ਦੇ ਸਾਰਸ ਮੇਲਾ 2025 ’ਚ ਸਭ ਤੋਂ ਸੋਹਣੀ ਦਸਤਾਰ (ਪੱਗ) ਬੰਨ੍ਹਣ ਦਾ ਮੁਕਾਬਲਾ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਵੱਲੋਂ ਸਰਦਾਰੀਆਂ ਟਰੱਸਟ, ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਸੋਹਣੀ ਦਸਤਾਰ (ਪੱਗ) ਬੰਨ੍ਹਣ ਦੇ ਮੁਕਾਬਲੇ ’ਚ ਵੱਖ-ਵੱਖ ਉਮਰ ਦੇ ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਦੋ ਗਰੁੱਪਾਂ 14 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ (ਜੂਨੀਅਰ) ਤੇ 14 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ (ਸੀਨੀਅਰ) ’ਚ ਰੱਖਿਆ ਗਿਆ। ਸੋਹਣੀ ਦਸਤਾਰ ਬੰਨ੍ਹਣ ਦੇ ਜੱਜ ਦੀ ਭੂਮਿਕਾ ਗੁਰਪ੍ਰੀਤ ਸਿੰਘ ਸਿੱਧੂ, ਹੀਰਾ ਸਿੰਘ ਤੇ ਸਰਬਜੀਤ ਸਿੰਘ ਗਗਨ ਨੇ ਨਿਭਾਈ। ਜੂਨੀਅਰ ’ਚ ਸਭ ਤੋਂ ਸੋਹਣੀ ਦਸਤਾਰ ਸਜਾਉਣ ’ਚ ਪਹਿਲੇ ਸਥਾਨ ’ਤੇ ਸਹਿਜਪ੍ਰੀਤ ਸਿੰਘ, ਦੂਜੇ ਸਥਾਨ ’ਤੇ ਹਰਕੀਰਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਤੇ ਤੀਜੇ ਸਥਾਨ ਹਰਕੀਰਤ ਸਿੰਘ ਨੇ ਹਾਸਲ ਕੀਤਾ। ਇਸੇ ਤਰ੍ਹਾਂ ਸੀਨੀਅਰ ’ਚ ਸਭ ਤੋਂ ਸੋਹਣੀ ਦਸਤਾਰ ਸਜਾਉਣ ’ਚ ਪਹਿਲੇ ਸਥਾਨ ’ਤੇ ਅਰਸ਼ਦੀਪ ਸਿੰਘ, ਦੂਜੇ ਸਥਾਨ ’ਤੇ ਗੁਰਟੇਕ ਸਿੰਘ ਤੇ ਤੀਜੇ ਸਥਾਨ ’ਤੇ ਸੁਖਮਨਵੀਰ ਸਿੰਘ ਨੌਜਵਾਨ ਰਹੇ। ਜੂਨੀਅਰ ਤੇ ਸੀਨੀਅਰ ’ਚ ਸਭ ਤੋਂ ਸੋਹਣੀ ਦਸਤਾਰ ਸਜਾਉਣ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਨੌਜਵਾਨਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਇਨਾਮਾਂ ਦੀ ਵੰਡ ਕੀਤੀ।