ਸਫ਼ਾਈ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢਿਆ ਰੋਸ ਮਾਰਚ
ਸਫ਼ਾਈ ਕਾਮਿਆਂ ਨੇ ਝਾੜੂ ਦਾ ਤੀਲਾ ਤੀਲਾ ਖਿਲਾਰਦਿਆਂ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ
Publish Date: Mon, 11 May 2026 06:42 PM (IST)
Updated Date: Tue, 12 May 2026 04:09 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਦੇ ਸਫ਼ਾਈ ਕਾਮੇ ਅਤੇ ਮਿਊਂਸੀਪਲ ਵਰਕਰਾਂ ਨੇ ਅੱਜ ਅਣਮਿੱਥੇ ਸਮੇਂ ਦੀ ਹੜਤਾਲ ਦੇ 6ਵੇਂ ਦਿਨ ਝਾੜੂ ਦਾ ਤੀਲਾ ਤੀਲਾ ਖਿਲਾਰਦਿਆਂ ‘ਆਪ’ ਸਰਕਾਰ ਖ਼ਿਲਾਫ਼ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ। ਸ਼ਹਿਰ ਵਿਚ ਝਾੜੂ ਚੁੱਕ ਕੇ ਰੋਸ ਮਾਰਚ ਕੱਢਦਿਆਂ ਸਫ਼ਾਈ ਕਾਮਿਆਂ ਅਤੇ ਮਿਊਂਸੀਪਲ ਵਰਕਰਾਂ ਨੇ ਨਾਅਰੇ ਗੂੰਜਾਉਂਦਿਆਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਵਰਣਨਯੋਗ ਹੈ ਕਿ ਜਗਰਾਓਂ ਨਗਰ ਕੌਂਸਲ ਦੇ ਸਫ਼ਾਈ ਕਾਮੇ ਤੇ ਮਿਊਂਸੀਪਲ ਵਰਕਰਾਂ ਨੇ 6 ਦਿਨ ਤੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ। ਇਸ ਹੜਤਾਲ ਦੌਰਾਨ ਉਨ੍ਹਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਾਰ ਨਾ ਲੈਣ ’ਤੇ ਅੱਜ ਸ਼ਹਿਰ ਵਿਚ ਰੋਸ ਮਾਰਚ ਕੱਢਦਿਆਂ ਆਪਣੇ ਸੰਘਰਸ਼ ਨੂੰ ਤਿੱਖਾ ਅਤੇ ਤੇਜ਼ ਕੀਤਾ। ਛੇਵੇਂ ਦਿਨ ਜਗਰਾਓਂ ਸ਼ਹਿਰ ਅੰਦਰ ਸਫਾਈ ਸੇਵਕਾਂ, ਸੀਵਰਮੈਨਾਂ, ਮਿਊਂਸੀਪਲ ਕਾਮਿਆਂ, ਕੰਪਿਊਟਰ ਆਪਰੇਟਰਾਂ, ਪੰਪ ਆਪਰੇਟਰਾਂ, ਬੇਲਦਾਰਾਂ, ਮਾਲੀਆਂ, ਇਲੈਕਟ੍ਰੀਸ਼ਨਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਇਕੱਠ ਨੇ ਰੋਸ ਰੈਲੀ ਜੋ ਸਥਾਨਕ ਨਗਰ ਕੌਂਸਲ ਜਗਰਾਓਂ ਤੋਂ ਸ਼ੁਰੂ ਹੋ ਕੇ ਕਮਲ ਚੌਂਕ, ਕੁੱਕੜ ਚੌਂਕ, ਮੇਨ ਦਰਵਾਜ਼ਾ, ਨਲਕਿਆ ਵਾਲਾ ਚੌਂਕ, ਫਿੱਲੀ ਗੇਟ, ਰਾਏਕੋਟ ਅੱਡਾ ਅਤੇ ਅੰਬੇਦਕਰ ਚੌਂਕ ਤੋਂ ਹੁੰਦੀ ਹੋਈ ਝਾਂਸੀ ਰਾਣੀ ਚੌਂਕ ਵਿੱਚ ਸਮਾਪਤ ਹੋਈ। ਪ੍ਰਦਰਸ਼ਨਕਾਰੀਆਂ ਵੱਲੋਂ ਸ਼ਹਿਰ ਦੇ ਮੁੱਖ ਚੌਂਕਾਂ ਵਿਚ ਝਾੜੂ ਨੂੰ ਤੀਲਾ-ਤੀਲਾ ਕਰ ਕੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਗੁੱਸਾ ਜ਼ਾਹਿਰ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਸਮਾਜਿਕ ਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਇਸ ਰੋਸ ਰੈਲੀ ਵਿੱਚ ਸ਼ਮੂਲੀਅਤ ਕਰਦਿਆਂ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਅਤੇ ਸ਼ਹਿਰ ਦੇ ਕੂੜੇ ਦੇ ਪੱਕੇ ਹੱਲ ਲਈ ਆਪਣਾ ਸਮਰਥਨ ਦਿੱਤਾ। ਝਾਂਸੀ ਰਾਣੀ ਚੌਕ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਫਾਈ ਸੇਵਕ ਯੂਨੀਅਨ ਅਤੇ ਐਕਸ਼ਨ ਕਮੇਟੀ ਪੰਜਾਬ ਨੂੰ ਭਵਿੱਖ ਵਿੱਚ ਵੀ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਨੇ ਕੁਝ ਰਾਜਨੀਤਿਕ ਆਗੂਆਂ ਵੱਲੋਂ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ‘ਤੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਸਫਾਈ ਸੇਵਕਾਂ ਦੇ ਹੱਕਾਂ ਦੀ ਲੜਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਤਾਂ ਯੂਨੀਅਨ ਵੀ ਆਪਣੇ ਹੱਕਾਂ ਦੀ ਰਾਖੀ ਲਈ ਸਖਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟੇਗੀ। ਰੋਸ ਰੈਲੀ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਕਮਲਜੀਤ ਖੰਨਾ, ਨਗਰ ਸੁਧਾਰ ਸਭਾ ਜਗਰਾਓਂ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਅਤੇ ਹੋਰ ਅਹੁਦੇਦਾਰ, ਫੂਡ ਐਂਡ ਅਲਾਇਡ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ, ਸੈਂਟਰਲ ਵਾਲਮੀਕਿ ਸਭਾ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਸਾਂਝਾ ਪੈਨਸ਼ਨ ਫਰੰਟ ਦੇ ਅਸ਼ੋਕ ਭੰਡਾਰੀ, ਗਰੀਨ ਮਿਸ਼ਨ ਪੰਜਾਬ ਦੇ ਸਤਪਾਲ ਸਿੰਘ ਦੇਹੜਕਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇੰਦਰਜੀਤ ਧਾਲੀਵਾਲ, ਬਲਵੀਰ ਸਿੰਘ, ਗੁਰਮੇਲ ਸਿੰਘ ਰੂਮੀ, ਅਵਤਾਰ ਸਿੰਘ ਗਗੜਾ, ਸੀਵਰਮੈਨ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸਫਾਈ ਯੂਨੀਅਨ ਦੇ ਚੇਅਰਮੈਨ ਬੁੱਧ ਰਾਮ, ਰਜਿੰਦਰ ਕੁਮਾਰ, ਮੀਤ ਪ੍ਰਧਾਨ ਸਨੀ, ਸੁੰਦਰ ਭੂਸ਼ਨ ਕੁਮਾਰ ਗਿੱਲ, ਬਲਵਿੰਦਰ ਕਲਿਆਣ, ਵਿਸ਼ਾਲ, ਰਾਜਦੀਪ, ਸੁਖਚੈਨ, ਮਨੀ, ਪਰਵੀਨ, ਵਰੁਣ, ਮੇਟ ਰਕੇਸ਼ ਕੁਮਾਰ ਨੋਨੀ, ਪ੍ਰਦੀਪ ਕੁਮਾਰ ਨੇ ਹਿੱਸਾ ਲਿਆ।