ਜਗਰਾਓਂ ਨਗਰ ਕੌਂਸਲ ’ਚ ਦੁਜੇ ਦਿਨ ਵੀ ਸਫ਼ਾਈ ਕਾਮੇ ਗਰਜੇ
ਜਗਰਾਓਂ ਨਗਰ ਕੌਂਸਲ ’ਚ ਦੁਜੇ ਦਿਨ ਵੀ ਸਫ਼ਾਈ ਕਾਮੇ ‘ਗਰਜੇ’
Publish Date: Sat, 25 Apr 2026 08:05 PM (IST)
Updated Date: Sun, 26 Apr 2026 04:19 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ’ਚ ਦੂਜੇ ਦਿਨ ਵੀ ਸਫ਼ਾਈ ਕਾਮਿਆਂ ਨੇ ਡੇਰਾ ਲਾਈ ਰੱਖਿਆ। ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰ਼ਸਨ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਸਫ਼ਾਈ ਕਰਮਚਾਰੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਨਾ ਤਾਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸੁਣੀਆਂ ਜਾ ਰਹੀਆਂ ਹਨ ਅਤੇ ਨਾ ਹੀ ਕੰਮਕਾਜ ਨੂੰ ਨਿਯਮਾਂ ਅਨੁਸਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਊਂਸਪਲ ਐਕਟ ਦੇ ਸਪੱਸ਼ਟ ਨਿਯਮਾਂ ਦੇ ਬਾਵਜੂਦ ਅਧਿਕਾਰੀ ਮਨਮਾਨੀ ਕਰ ਰਹੇ ਹਨ, ਜਿਸ ਨਾਲ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫ਼ਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਵਿੱਚ ਪ੍ਰਸ਼ਾਸਨਿਕ ਬੇਪਰਵਾਹੀ ਅਤੇ ਮਿਊਂਸਪਲ ਐਕਟ ਦੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਕਾਰਜਸਾਧਕ ਅਫਸਰ ਵੱਲੋਂ ਨਿਯਮਾਂ ਦੀ ਪਾਲਣਾ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਕਾਰਨ ਸਫਾਈ ਕਰਮਚਾਰੀਆਂ ਨੂੰ ਲਗਾਤਾਰ ਦੂਜੇ ਦਿਨ ਵੀ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਗਲੀਆਂ ’ਚ ਕੂੜੇ ਦੇ ਢੇਰ ਲੱਗਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਗੰਭੀਰ ਨਹੀਂ ਦਿਖਾਈ ਦੇ ਰਿਹਾ। ਕਾਮਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਨਾ ਗਿਆ ਤੇ ਨਿਯਮਾਂ ਦੀ ਪਾਲਣਾ ਯਕੀਨੀ ਨਾ ਬਣਾਈ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਸਿਰਫ ਆਪਣੇ ਹੱਕਾਂ ਲਈ ਨਹੀਂ, ਸਗੋਂ ਪ੍ਰਣਾਲੀ ’ਚ ਪਾਰਦਰਸ਼ਤਾ ਤੇ ਨਿਆਂ ਲਈ ਵੀ ਹੈ। ਇਸ ਮਾਮਲੇ ’ਤੇ ਕਾਰਜਸਾਧਕ ਅਫਸਰ ਵੱਲੋਂ ਕੋਈ ਢੁੱਕਵਾਂ ਜਵਾਬ ਨਾ ਮਿਲਣ ਕਾਰਨ ਸਥਿਤੀ ਹੋਰ ਵੀ ਤਣਾਅ ਭਰੀ ਬਣਦੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਸੰਕਟ ਹੋਰ ਗਹਿਰਾ ਹੋ ਸਕਦਾ ਹੈ। ਇਸ ਮੌਕੇ ਸਫਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਚੇਅਰਮੈਨ ਬੁੱਧ ਰਾਮ, ਉਪ ਪ੍ਰਧਾਨ ਸਨੀ ਸੁੰਦਰ ਸੰਦੀਪ ਕੁਮਾਰ, ਭੂਸ਼ਨ ਗਿੱਲ,ਬਿਕਰਮ ਗਿੱਲ, ਆਸ਼ਾ ਰਾਣੀ, ਨੀਨਾ,ਮਿਸਰੋ ਦੇਵੀ, ਰਾਜ਼ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ ਆਦਿ ਹਾਜ਼ਰ ਸਨ।