ਜਗਰਾਓਂ ’ਚ ਨਿਗਮ ਕਾਮਿਆਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਦੇ ਪਹਿਲੇ ਦਿਨ ਦਿੱਤਾ ਧਰਨਾ
ਜਗਰਾਓਂ ’ਚ ਸਫ਼ਾਈ ਕਾਮਿਆਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਦੇ ਪਹਿਲੇ ਦਿਨ ਦਿੱਤਾ ਧਰਨਾ
Publish Date: Wed, 06 May 2026 06:18 PM (IST)
Updated Date: Thu, 07 May 2026 04:08 AM (IST)

-01 ਜਗਰਾਓਂ ਵਿਖੇ ਸਫ਼ਾਈ ਸੇਵਕ ਯੂਨੀਅਨ ਦੇ ਅਹੁਦੇਦਾਰ ਅਤੇ ਕਾਰਕੁੰਨ ਧਰਨੇ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। - ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ, ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ’ਚ ਸਫ਼ਾਈ ਕਾਮਿਆਂ ਤੇ ਮਿਊਂਸੀਪਲ ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਐਲਾਨੀ ਹੜਤਾਲ ਦੇ ਅੱਜ ਪਹਿਲੇ ਦਿਨ ਨਗਰ ਕੌਂਸਲ ਦਫ਼ਤਰ ਵਿਖੇ ਧਰਨਾ ਦਿੱਤਾ। ਬੁੱਧਵਾਰ ਨੂੰ ਸਫਾਈ ਸੇਵਕ ਯੂਨੀਅਨ ਤੇ ਮਿਊਂਸਪਲ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸਥਾਨਕ ਨਗਰ ਕੌਂਸਲ ਦੇ ਸਫਾਈ ਸੇਵਕਾਂ, ਸੀਵਰੇਜ ਕਰਮਚਾਰੀਆਂ, ਕੰਪਿਊਟਰ ਅਪਰੇਟਰਾਂ, ਮਾਲੀਆਂ, ਬੇਲਦਾਰਾਂ, ਫਾਇਰ ਬ੍ਰਿਗੇਡ ਸਟਾਫ, ਇਲੈਕਟ੍ਰੀਸ਼ੀਅਨਾਂ, ਪੰਪ ਆਪਰੇਟਰਾਂ, ਡਰਾਈਵਰਾਂ ਅਤੇ ਕਲੈਰੀਕਲ ਸਟਾਫ ਨੇ ਕੰਮ ਛੱਡ ਕੇ ਧਰਨੇ ਵਿਚ ਸ਼ਾਮਲ ਹੁੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਗਰ ਕੌਂਸਲ ਜਗਰਾਓਂ ਵਿਖੇ ਦਿੱਤੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਸਰਕਾਰ ਮਿਉਂਸੀਪਲ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਅਣਦੇਖਿਆ ਕਰਦੀ ਆ ਰਹੀ ਹੈ, ਮੀਟਿੰਗਾਂ ਅਤੇ ਮੁਲਾਕਾਤਾਂ ਵਿਚ ਮੰਗਾਂ ਲਾਗੂ ਕਰਨ ਦੇ ਝੂਠੇ ਵਾਅਦੇ ਕਰਕੇ ਮੁਲਾਜ਼ਮਾਂ ਨਾਲ ਧੋਖਾ ਕਰਦੀ ਆ ਰਹੀ ਹੈ, ਜਿਸ ਕਾਰਨ ਸੰਘਰਸ਼ ਲਈ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਲੈ ਕੇ ਮੀਟਿੰਗਾਂ ਦਾ ਸਮਾਂ ਰੱਖ ਕੇ ਟਾਲ-ਮਟੋਲ ਦੀ ਨੀਤੀ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲੀ, ਠੇਕੇਦਾਰੀ ਪ੍ਰਥਾ ਦਾ ਖਾਤਮਾ, ਡੀਏ ਦੀ ਬਕਾਇਆ ਕਿਸ਼ਤ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਦਿ ਨੂੰ ਲਾਗੂ ਕੀਤਾ ਜਾਵੇ ਤੇ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਨੇ ਵੀ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ‘ਮੁਲਾਜ਼ਮਾਂ ਦੀ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਜੋ ਲੋਕ ਸਾਜ਼ਿਸ਼ਾਂ ਰਚ ਰਹੇ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਲਹਿਰ ਹੁਣ ਰੁਕਣ ਵਾਲੀ ਨਹੀਂ।’ ਉਨ੍ਹਾਂ ਅਜਿਹੇ ਆਗੂਆਂ ਨੂੰ ਸੱਦਾ ਦਿੱਤਾ ਕਿ ਜੇ ਉਹ ਸੱਚਮੁੱਚ ਮੁਲਾਜ਼ਮ ਹਿਤੈਸ਼ੀ ਹਨ ਤਾਂ ਮੈਦਾਨ ’ਚ ਆ ਕੇ ਸਾਥ ਦੇਣ।