ਪੰਜਾਬੀ ਬਣਨ ਦਰਿਆਵਾਂ ਦੇ ਪਹਿਰੇਦਾਰ : ਸੀਚੇਵਾਲ
ਬੁੱਢੇ ਦਰਿਆ ਦੀ ਸੰਭਾਲ ਲਈ ਸੰਤ ਸੀਚੇਵਾਲ ਦਾ ਸੱਦਾ, ਹਰ ਪੰਜਾਬੀ ਬਣੇ ‘ਪਹਿਰੇਦਾਰ’
Publish Date: Mon, 04 May 2026 07:23 PM (IST)
Updated Date: Tue, 05 May 2026 04:14 AM (IST)
ਬੁੱਢਾ ਦਰਿਆ ਦੀ ਸੰਭਾਲ ਲਈ ਸੰਤ ਸੀਚੇਵਾਲ ਨੇ ਦਿੱਤਾ ਸੱਦਾ
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਬੁੱਢੇ ਦਰਿਆ ਦੀ ਸਫ਼ਾਈ ਅਤੇ ਸੰਭਾਲ ਲਈ ਜਾਰੀ ਯਤਨਾਂ ਤਹਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦਰਿਆਵਾਂ ਦੇ ‘ਪਹਿਰੇਦਾਰ’ ਬਣਨ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਖੁਦ ਅੱਗੇ ਆਉਣ। ਸੋਮਵਾਰ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਤਲਵਾੜਾ ਅਤੇ ਬਾਰਨਹਾੜ੍ਹਾ ਪਿੰਡਾਂ ਦੇ ਦੌਰੇ ‘ਤੇ ਸਨ, ਜਿੱਥੇ ਉਨ੍ਹਾਂ ਨੇ ‘ਸੀਚੇਵਾਲ ਮਾਡਲ’ ਤਹਿਤ ਬਣ ਰਹੀ ਗੰਦੇ ਪਾਣੀ ਦੀ ਨਿਕਾਸ ਪ੍ਰਣਾਲੀ ਦਾ ਜਾਇਜ਼ਾ ਲਿਆ।
ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਸਾਜ਼ਿਸ਼ ਤਹਿਤ ਗੰਦਾ ਕੀਤਾ ਗਿਆ ਹੈ ਅਤੇ ਇਸ ਦੇ ਗੰਭੀਰ ਨਤੀਜੇ ਅੱਜ ਸਾਹਮਣੇ ਆ ਰਹੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਣੀਆਂ ਦੀ ਧਰਤੀ ਮੰਨੇ ਜਾਣ ਵਾਲੇ ਪੰਜਾਬ ਵਿੱਚ ਹੀ ਪਾਣੀ ਦੀ ਕਮੀ ਅਤੇ ਗਿਰਦੀ ਜਲ-ਸਤ੍ਹਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਪਹਿਲਾਂ ਖੂਹ ਸੁੱਕੇ, ਫਿਰ ਨਲਕੇ ਬੰਦ ਹੋਏ ਅਤੇ ਹੁਣ ਮੋਟਰਾਂ ਵੀ 300 ਫੁੱਟ ਤੋਂ ਵੱਧ ਡੂੰਘਾਈ ਤੱਕ ਲਗਾਉਣੀਆਂ ਪੈਂਦੀਆਂ ਹਨ, ਜੋ ਭਵਿੱਖ ਲਈ ਖ਼ਤਰਨਾਕ ਸੰਕੇਤ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਆਪਣੇ ਦਰਿਆਵਾਂ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਲਈ ਸਖ਼ਤ ਨਿਯਮ ਬਣਾਉਣੇ ਪੈਣਗੇ ਅਤੇ ਉਨ੍ਹਾਂ ਦੀ ਪਾਲਣਾ ਵੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਇਹ ਮੁਹਿੰਮ ਸਫ਼ਲ ਨਹੀਂ ਹੋ ਸਕਦੀ। ਇਸ ਦੌਰੇ ਦੌਰਾਨ ਪਿੰਡ ਤਲਵਾੜਾ ਦੀ ਸਰਪੰਚ ਪਾਲ ਕੌਰ, ਸਾਬਕਾ ਸਰਪੰਚ ਕੁਲਦੀਪ ਸਿੰਘ ਖੰਗੂੜਾ, ਪੰਚ ਰਾਜ ਕੁਮਾਰ ਭੰਡਾਰੀ ਅਤੇ ਪੰਚ ਪ੍ਰਭਜੋਤ ਸਿੰਘ ਸਮੇਤ ਪਿੰਡ ਵਾਸੀਆਂ ਨੇ ਸੰਤ ਸੀਚੇਵਾਲ ਨੂੰ ਭਰੋਸਾ ਦਿਵਾਇਆ ਕਿ ਉਹ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਨਹੀਂ ਹੋਣ ਦੇਣਗੇ। ਖ਼ਾਸ ਕਰਕੇ ਡੇਅਰੀ ਮਾਲਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਸੁੰਹ ਚੁੱਕਦਿਆਂ ਵਚਨ ਦਿੱਤਾ ਕਿ ਉਹ ਦਰਿਆ ਵਿੱਚ ਗੰਦਾ ਪਾਣੀ, ਗੋਹਾ, ਪਲਾਸਟਿਕ ਜਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਪਾਉਣਗੇ। ਸਰਪੰਚ ਪਾਲ ਕੌਰ ਨੇ ਕਿਹਾ ਕਿ ‘ਸੀਚੇਵਾਲ ਮਾਡਲ’ ਤਹਿਤ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਬਿਹਤਰ ਹੱਲ ਨਿਕਲ ਰਿਹਾ ਹੈ ਅਤੇ ਇਹ ਪਿੰਡ ਵਾਸੀਆਂ ਲਈ ਇੱਕ ਵੱਡੀ ਰਾਹਤ ਹੈ। ਉਨ੍ਹਾਂ ਕਿਹਾ ਕਿ ਪਿੰਡ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਸਮੱਸਿਆ ਦਾ ਇੰਨਾ ਸੁਚੱਜਾ ਅਤੇ ਟਿਕਾਊ ਹੱਲ ਸੰਭਵ ਹੋ ਸਕੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਜੇਕਰ ਹਰ ਪਿੰਡ ਅਤੇ ਹਰ ਨਾਗਰਿਕ ਇਸੇ ਤਰ੍ਹਾਂ ਜ਼ਿੰਮੇਵਾਰੀ ਨਿਭਾਏ ਤਾਂ ਬੁੱਢੇ ਦਰਿਆ ਨੂੰ ਮੁੜ ਸਾਫ਼ ਅਤੇ ਜੀਵੰਤ ਬਣਾਇਆ ਜਾ ਸਕਦਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵੱਡਾ ਤੋਹਫ਼ਾ ਹੋਵੇਗਾ।