ਨਗਰ ਕੌਂਸਲ ਸਾਹਨੇਵਾਲ ਦਾ 11.81 ਕਰੋੜ ਦਾ ਸਲਾਨਾ ਬਜਟ ਪਾਸ
ਨਗਰ ਕੌਂਸਲ ਸਾਹਨੇਵਾਲ ਦਾ 11 ਕਰੋੜ 81 ਲੱਖ ਰੁਪਏ ਦਾ ਸਲਾਨਾ ਬਜਟ ਪਾਸ
Publish Date: Wed, 13 May 2026 06:34 PM (IST)
Updated Date: Thu, 14 May 2026 04:07 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਨਗਰ ਕੌਂਸਲ ਸਾਹਨੇਵਾਲ ਵਿਖੇ ਸਲਾਨਾ ਬਜ਼ਟ ਤੇ ਚਰਚਾ ਕਰਨ ਲਈ ਹਾਊਸ ਦੀ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਪੂਜਾ ਰਾਣੀ ਅਤੇ ਕਾਰਜ ਸਾਧਕ ਅਫਸਰ ਬਲਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਹਾਊਸ ਵਿੱਚ ਚਾਲੂ ਵਿੱਤੀ ਸਾਲ 2026-27 ਦਾ ਸਲਾਨਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਕੌਂਸਲਰਾਂ ਵੱਲੋਂ ਚਰਚਾ ਕਰਨ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਰਾਣੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 2026-27 ਲਈ 11 ਕਰੋੜ 81 ਲੱਖ ਰੁਪਏ ਦਾ ਸਲਾਨਾ ਬਜਟ ਪਾਸ ਕੀਤਾ ਗਿਆ ਹੈ ਜਿਸ ਨਾਲ ਸਾਹਨੇਵਾਲ ਦੇ ਵਿਕਾਸ ਕਾਰਜ ਨੇ ਸਟਾਫ ਦੀਆਂ ਤਨਖਾਹਾਂ ਤੇ ਭੱਤੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਮੀਟਿੰਗ ਦੌਰਾਨ ਬਜਟ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਬਾਅਦ ਹਾਊਸ ਦੇ ਸਾਰੇ ਕੌਂਸਲਰਾਂ ਨੇ ਇਸ ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਸਲਾਨਾ ਬਜਟ ਪਾਸ ਹੋਣ ਨਾਲ ਸਾਹਨੇਵਾਲ ਨਗਰ ਕੌਂਸਲ ਦੇ ਅਧੀਨ ਆਉਂਦੇ 15 ਵਾਰਡਾਂ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜੀ ਆਵੇਗੀ। ਉਨ੍ਹਾਂ ਦੱਸਿਆ ਕਿ ਹਾਊਸ ਦੀ ਵਿੱਚ ਸਾਹਨੇਵਾਲ ਦੇ ਵਿਕਾਸ ਨਾਲ ਸਬੰਧਤ ਤਿੰਨ ਕਰੋੜ ਰੁਪਏ ਦੇ ਮਤੇ ਵੀ ਪੇਸ਼ ਕੀਤੇ ਗਏ ਜਿਨ੍ਹਾਂ ਦੇ ਪਾਸ ਹੋਣ ਨਾਲ ਹੁਣ ਜਲਦੀ ਹੀ ਸਾਹਨੇਵਾਲ ਵਿੱਚ ਵਿਕਾਸ ਦੇ ਕੰਮ ਸ਼ੁਰੂ ਹੋ ਜਾਣਗੇ। ਮੀਟਿੰਗ ਦੌਰਾਨ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਉਨ੍ਹਾਂ ਦੇ ਵਾਰਡਾਂ ਵਿੱਚ ਹੋਣ ਵਾਲੇ ਵਿਕਾਸ ਦੇ ਕੰਮਾਂ ਦੇ ਮੁੱਦੇ ਚੁੱਕੇ ਜਿਸ ਤੇ ਪ੍ਰਧਾਨ ਪੂਜਾ ਰਾਣੀ ਨੇ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਵੱਲੋਂ ਦੱਸੇ ਕੰਮਾਂ ਨੂੰ ਜਲਦ ਕਰਵਾਉਣ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ ਤੇ ਨਗਰ ਦੇ ਹਰ ਵਾਰਡ ਦੇ ਵਿਕਾਸ ਦੇ ਕੰਮ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਕਰਵਾਏ ਜਾਣਗੇ। ਇਸ ਦੌਰਾਨ ਮੀਟਿੰਗ ਵਿੱਚ ਸੁਪਰਡੈਂਟ ਸੈਨੀਟੇਸ਼ਨ ਜਸਵੀਰ ਸਿੰਘ, ਕੌਂਸਲਰ ਸਵਰਨ ਕੁਮਾਰ ਸੋਨੀ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਕੌਂਸਲਰ ਕੁਲਦੀਪ ਕੌਰ, ਕੌਂਸਲਰ ਜੋਤੀ, ਕੌਂਸਲਰ ਅਵਤਾਰ ਸਿੰਘ ਚਹਿਲ, ਕੌਂਸਲਰ ਸ਼ਮਸ਼ੇਰ ਸ਼ੇਰੀ, ਕੌਂਸਲਰ ਕੁਲਜੀਤ ਸਿੰਘ ਸੰਧੂ, ਕੌਂਸਲਰ ਅਮਨਜੋਤ ਸਿੰਘ ਅਮਨ ਪਨੇਸਰ, ਕੌਂਸਲਰ ਅੰਮ੍ਰਿਤਾ ਅਨੇਜਾ, ਕੌਂਸਲਰ ਸਵਰਨਜੀਤ ਕੌਰ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਪਲਵਿੰਦਰ ਸਿੰਘ ਸੰਧੂ, ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ।