ਥਾਣਾ ਸਦਰ ਇਲਾਕੇ ਵਿੱਚ 16 ਸਾਲਾ ਸਾਹਿਲ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਸਨਸਨੀਖੇਜ਼ ਹੱਤਿਆਕਾਂਡ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਸਦਰ ਇਲਾਕੇ ਵਿੱਚ 16 ਸਾਲਾ ਸਾਹਿਲ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਸਨਸਨੀਖੇਜ਼ ਹੱਤਿਆਕਾਂਡ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਹਮਲਾਵਰ ਪਹਿਲਾਂ ਤੋਂ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮੌਕੇ 'ਤੇ ਮੌਜੂਦ ਸਨ ਅਤੇ ਸਾਹਿਲ ਦੇ ਉੱਥੇ ਪਹੁੰਚਦੇ ਹੀ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਜਾਂਚ ਮੁਤਾਬਕ
ਨਾਮ ਦੀ ਗਲਤਫਹਿਮੀ ਕਾਰਨ ਬੇਕਸੂਰ ਨਾਬਾਲਿਗ ਸਾਹਿਲ ਇਸ ਖੂਨੀ ਹਮਲੇ ਦਾ ਸ਼ਿਕਾਰ ਬਣਾਇਆ ਸੀ।
ਗਲੀਆਂ ਵਿੱਚ ਦੌੜਦਾ ਰਿਹਾ ਸਾਹਿਲ, ਗਲੀ ਬੰਦ ਹੋਣ ਕਾਰਨ ਗਈ ਜਾਨ
ਜਾਣਕਾਰੀ ਅਨੁਸਾਰ 21 ਮਈ ਦੀ ਸ਼ਾਮ ਸਟੇਡੀਅਮ ਨੇੜੇ ਕੁਝ ਨਾਬਾਲਿਗ ਲੜਕੇ ਤੇਜ਼ਧਾਰ ਹਥਿਆਰਾਂ ਨਾਲ ਖੜ੍ਹੇ ਸਨ। ਜਿਵੇਂ ਹੀ ਸਾਹਿਲ ਉੱਥੇ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਸਾਹਿਲ ਆਪਣੀ ਜਾਨ ਬਚਾਉਣ ਲਈ ਗਲੀਆਂ ਵਿੱਚ ਭੱਜਦਾ ਨਜ਼ਰ ਆ ਰਿਹਾ ਹੈ ਪਰ ਇੱਕ ਘਰ ਦੇ ਬਾਹਰ ਗਲੀ ਬੰਦ ਹੋਣ ਕਾਰਨ ਉਹ ਅੱਗੇ ਨਹੀਂ ਨਿਕਲ ਸਕਿਆ।
ਇਸ ਦੌਰਾਨ ਹਮਲਾਵਰਾਂ ਨੇ ਉਸ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ । ਖੂਨ ਨਾਲ ਲਥਪਥ ਹਾਲਤ ਵਿੱਚ ਸਾਹਿਲ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਦੋ ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ 23 ਮਈ ਦੀ ਸ਼ਾਮ ਉਸ ਨੇ ਦਮ ਤੋੜ ਦਿੱਤਾ।
ਨਾਮ ਦੀ ਗਲਤਫਹਿਮੀ ਬਣੀ ਕਤਲ ਦੀ ਵਜ੍ਹਾ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਅਸਲ ਵਿੱਚ ਕਿਸੇ ਹੋਰ ਨੌਜਵਾਨ ਨੂੰ ਨਿਸ਼ਾਨਾ ਬਣਾਉਣ ਲਈ ਮੌਕੇ 'ਤੇ ਪਹੁੰਚੇ ਸਨ ਪਰ ਨਾਮ ਦੀ ਗਲਤਫਹਿਮੀ ਕਾਰਨ ਉਨ੍ਹਾਂ ਨੇ 16 ਸਾਲਾ ਸਾਹਿਲ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸ ਗਲਤੀ ਦੀ ਕੀਮਤ ਇੱਕ ਬੇਕਸੂਰ ਨਾਬਾਲਿਗ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।
ਦੋ ਮੁਲਜ਼ਮ ਕਾਬੂ, ਹੋਰਾਂ ਦੀ ਭਾਲ ਜਾਰੀ
ਹੱਤਿਆਕਾਂਡ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰਦੇ ਹੋਏ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਵਾਸੀ ਦੇਵ ਕਾਲੋਨੀ ਅਤੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਮੁਲਜ਼ਮ ਉਸ ਸ਼ਾਮ ਮੌਕੇ 'ਤੇ ਪਹੁੰਚੇ ਸਨ।
ਪੁਲਿਸ ਵੱਲੋਂ ਦੋਵਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਵਾਰਦਾਤ ਵਿੱਚ ਸ਼ਾਮਲ ਹੋਰ ਨਾਬਾਲਿਗ ਲੜਕਿਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੀਸੀਟੀਵੀ ਫੁਟੇਜ ਬਣੇਗੀ ਅਹਿਮ ਸਬੂਤ
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਸਾਹਮਣੇ ਆਈ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਫੁਟੇਜ ਹੱਤਿਆਕਾਂਡ ਦੀ ਪੂਰੀ ਸਾਜ਼ਿਸ਼ ਅਤੇ ਹਮਲੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਦਿਲ ਕੰਬਾਊ ਘਟਨਾ ਨੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।