ਅਨਿਆਂ ਤੇ ਅਧਰਮ ਖ਼ਿਲਾਫ ਖੜ੍ਹੇ ਹੋਣਾ ਹੀ ਸੱਚਾ ਧਰਮ : ਸਾਧਵੀ ਗਰੀਮਾ ਭਾਰਤੀ
ਦਿਵ੍ਯ ਜਯੋਤੀ ਜਾਗ੍ਰਤੀ ਸੰਸਥਾਨ ਅਤੇ ਸ਼੍ਰੀ ਪਰਸ਼ੁਰਾਮ ਬ੍ਰਾਹਮਣ
Publish Date: Mon, 04 May 2026 06:42 PM (IST)
Updated Date: Tue, 05 May 2026 04:12 AM (IST)

-ਭਗਵਾਨ ਪਰਸ਼ੂਰਾਮ ਦੇ ਜਨਮ ਉਤਸਵ ਤੇ ਕਰਵਾਇਆ ਅਧਿਆਤਮਿਕ ਸਮਾਗਮ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਅਤੇ ਸ੍ਰੀ ਪਰਸ਼ੁਰਾਮ ਬ੍ਰਾਹਮਣ ਕਲਿਆਣ ਸਭਾ ਲੁਧਿਆਣਾ ਦੇ ਪ੍ਰਬੰਧ ਹੇਠ ਸਥਾਨਕ ਰਿਸੋਰਟ ਡਾਬਾ ਰੋਡ, ਸ਼ਿਮਲਾਪੁਰੀ ਵਿਖੇ ਭਗਵਾਨ ਪਰਸ਼ੁਰਾਮ ਦੇ ਜਨਮਉਤਸਵ ਤੇ ਅਧਿਆਤਮਿਕ ਸਮਾਗਮ ਕਰਵਾਇਆ ਗਿਆ। ਸਾਧਵੀ ਗਰੀਮਾ ਭਾਰਤੀ ਨੇ ਇਸ ਮੌਕੇ ਤੇ ਭਗਵਾਨ ਪਰਸ਼ੁਰਾਮ ਦਾ ਗੁਣਗਾਨ ਕਰਦੇ ਹੋਏ ਕਿਹਾ ਕਿ ਉਹ ਭਗਵਾਨ ਵਿਸ਼ਣੂ ਦੇ 10 ਅਵਤਾਰਾਂ ਵਿਚੋਂ 6ਵੇਂ ਅਵਤਾਰ ਸਨ। ਇਨ੍ਹਾਂ ਦਾ ਨਾਮ ਰਾਮ ਸੀ ਪਰ ਭਗਵਾਨ ਸ਼ੰਕਰ ਦੁਆਰਾ ਦਿੱਤਾ ਗਿਆ ਅਮੋਘ ਪਰਸ਼ੁ ਸਦਾ ਧਾਰਣ ਕਰਕੇ ਰੱਖਣ ਕਾਰਣ ਇਹ ਪਰਸ਼ੁਰਾਮ ਕਹਾਏ ਜਾਂਦੇ ਸਨ। ਸਾਧਵੀ ਨੇ ਕਿਹਾ ਕਿ ਭਗਵਾਨ ਪਰਸ਼ੁਰਾਮ ਦਾ ਜੀਵਨ ਸਾਹਸ, ਤਿਆਗ, ਤਪੱਸਿਆ ਅਤੇ ਧਰਮ ਦੀ ਰੱਖਿਆ ਦਾ ਪ੍ਰਤੀਕ ਹੈ। ਉਹਨਾਂ ਨੇ ਅਨਿਆਂ ਅਤੇ ਅਧਰਮ ਦੇ ਖਿਲਾਫ ਲੜਾਈ ਕੀਤੀ ਅਤੇ ਸੱਚ ਅਤੇ ਨਿਆਂ ਦੀ ਸਥਾਪਨਾ ਕੀਤੀ। ਉਨ੍ਹਾਂ ਦਾ ਜੀਵਨ ਇਹ ਸੁਨੇਹਾ ਦਿੰਦਾ ਹੈ ਕਿ ਜਦ ਸਮਾਜ ਵਿੱਚ ਅਨਿਆਂ ਅਤੇ ਅਧਰਮ ਵਧ ਜਾਵੇ, ਤਦ ਚੁੱਪ ਰਹਿਣਾ ਠੀਕ ਨਹੀਂ ਬਲਕਿ ਉਸਦੇ ਖਿਲਾਫ ਖੜੇ ਹੋਣਾ ਹੀ ਸੱਚਾ ਧਰਮ ਹੈ। ਭਗਵਾਨ ਪਰਸ਼ੁਰਾਮ ਦਾ ਅਵਤਾਰ ਵੀ ਇੱਕ ਐਸੇ ਸਮੇਂ ਵਿੱਚ ਹੋਇਆ ਸੀ ਜਦ ਧਰਤੀ ਉੱਤੇ ਅਹੰਕਾਰੀ ਅਤੇ ਅੱਤਿਆਚਾਰੀ ਰਾਜਿਆਂ ਦਾ ਤਾਨਾਸ਼ਾਹ ਬਹੁਤ ਵਧ ਗਿਆ ਸੀ। ਉਹ ਸ਼ਾਸਕ ਆਪਣੀ ਸ਼ਕਤੀ ਦੇ ਨਸ਼ੇ ਵਿੱਚ ਨਿਰਦੋਸ਼ ਜਨਤਾ ਅਤੇ ਰਿਸ਼ੀਆਂ ਨੂੰ ਬਹੁਤਤੰਗ ਕਰਦੇ ਸਨ। ਉਸ ਸਮੇਂ ਪਰਸ਼ੁਰਾਮ ਨੇ ਨਿਆਂ ਲਈ ਹਥਿਆਰ ਚੁੱਕੇ ਅਤੇ ਆਪਣੀ ਸ਼ਕਤੀ ਨਾਲ ਸਮਾਜ ਨੂੰ ਇਨ੍ਹਾਂ ਅੱਤਿਆਚਾਰੀ ਰਾਜਿਆਂ ਤੋਂ ਮੁਕਤ ਕਰਕੇ ਧਰਮ ਦੀ ਪੁਨਰ ਸਥਾਪਨਾ ਕੀਤੀ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸ਼ਕਤੀ ਦਾ ਸੱਚਾ ਉਪਯੋਗ ਹਮੇਸ਼ਾ ਕਮਜ਼ੋਰਾਂ ਦੀ ਰੱਖਿਆ ਅਤੇ ਨਿਆਂ ਦੀ ਵਰਤਮਾਨ ਪ੍ਰਣਾਲੀ ਬਣਾਈ ਰੱਖਣ ਲਈ ਹੀ ਕੀਤਾ ਜਾਣਾ ਚਾਹੀਦਾ ਹੈ। ਇਹ ਸਿਰਫ਼ ਤਾਕਤ ਦਿਖਾਉਣ ਦਾ ਦਿਨ ਨਹੀਂ ਹੈ, ਬਲਕਿ ਇਹ ਦਾਨ ਅਤੇ ਸੱਚੀ ਉਦਾਰਤਾ ਦਾ ਵੀ ਸੰਦੇਸ਼ ਸਾਨੂੰ ਦਿੰਦਾ ਹੈ। ਇਸ ਦਿਨ ਭਗਤ ਵਰਤ ਰੱਖਦੇ ਹਨ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੰਕਲਪ ਲੈਂਦੇ ਹਨ, ਤਾਂ ਕਿ ਸਮਾਜ ਵਿੱਚ ਆਪਸੀ ਮਿਲ-ਜੋਲ ਅਤੇ ਪਿਆਰ ਵਧ ਸਕੇ। ਜਦੋਂ ਅਸੀਂ ਨਿਸਵਾਰਥ ਭਾਵ ਨਾਲ ਦੂਜਿਆਂ ਦੀ ਸੇਵਾ ਕਰਦੇ ਹਾਂ ਅਤੇ ਆਪਣੀ ਤਾਕਤ ਦੀ ਸਹੀ ਵਰਤੋਂ ਕਰਦੇ ਹਾਂ ਤਾਂ ਹੀ ਸਾਡੇ ਜੀਵਨ ਵਿੱਚ ਵਾਸਤਵਿਕ ਸ਼ਾਂਤੀ ਆਉਂਦੀ ਹੈ। ਇਸ ਮੌਕੇ ਰਜਨੀਸ਼ ਧੀਮਾਨ (ਜ਼ਿਲ੍ਹਾ ਪ੍ਰਧਾਨ ਭਾਜਪਾ), ਅਸ਼ੋਕ ਪ੍ਰਾਸ਼ਰ (ਐੱਮਐੱਲਏ), ਕੁਲਵੰਤ ਸਿੰਘ ਸਿੱਧੂ (ਐੱਮਐੱਲਏ), ਕ੍ਰਿਸ਼ਣ ਕੁਮਾਰ ਬਾਵਾ, ਕੌਂਸਲਰ ਜਗਮੀਤ ਸਿੰਘ ਨੋਨੀ, ਜਗਮੋਹਨ ਸ਼ਰਮਾ (ਭਾਜਪਾ ਲੁਧਿਆਣਾ), ਪ੍ਰਿੰਸ ਜੋਹਰ (ਡਿਪਟੀ ਮੇਅਰ ਲੁਧਿਆਣਾ), ਜਗਬੀਰ ਸਿੰਘ ਸੋਖੀ ਅਤੇ ਸੁਖਦੇਵ ਦੱਤ ਮੌਜੂਦ ਰਹੇ।