Sad News : ਨਾਨਕੇ ਘਰ ਛੁੱਟੀਆਂ ਕੱਟਣ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ, ਮਾਤਾ-ਪਿਤਾ ਤੇ ਛੋਟਾ ਭਰਾ ਗੰਭੀਰ ਜ਼ਖ਼ਮੀ
ਸਮਰਾਲਾ ਨੇੜਲੇ ਪਿੰਡ ਬਾਲਿਓਂ ਕੋਲ ਇਕ ਮਾਛੀਵਾੜਾ ਸਾਹਿਬ ਵੱਲੋਂ ਸਮਰਾਲੇ ਆ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਉਹਨਾਂ ਦੇ 2 ਬੱਚਿਆਂ ਨੂੰ ਇੱਕ ਤੇਜ਼ ਰਫਤਾਰ ਕਰੇਟਾ ਕਾਰ ਦੇ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ...
Publish Date: Sun, 31 May 2026 08:21 PM (IST)
Updated Date: Sun, 31 May 2026 08:24 PM (IST)
ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਸਮਰਾਲਾ ਨੇੜਲੇ ਪਿੰਡ ਬਾਲਿਓਂ ਕੋਲ ਇਕ ਮਾਛੀਵਾੜਾ ਸਾਹਿਬ ਵੱਲੋਂ ਸਮਰਾਲੇ ਆ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਉਹਨਾਂ ਦੇ 2 ਬੱਚਿਆਂ ਨੂੰ ਇੱਕ ਤੇਜ਼ ਰਫਤਾਰ ਕਰੇਟਾ ਕਾਰ ਦੇ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸਦੇ ਨਾਲ ਮੋਟਰਸਾਈਕਲ 'ਤੇ ਬੈਠੇ ਪੰਜਵੀਂ ਜਮਾਤ ' ਚ ਪੜ੍ਹਦੇ 13 ਸਾਲਾ ਵਿਦਿਆਰਥੀ ਹਰਜੋਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸਦੇ ਮਾਤਾ ਪਿਤਾ ਤੇ 9 ਸਾਲਾਂ ਦਾ ਛੋਟਾ ਭਰਾ ਜਸਕਰਨ ਸਿੰਘ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਵਾਤ ਨਿਵਾਸੀ ਤਰਲੋਚਨ ਸਿੰਘ ਆਪਣੀ ਪਤਨੀ ਤੇ ਦੋ ਬੱਚਿਆਂ ਹਰਜੋਤ ਸਿੰਘ ਅਤੇ ਜਸਕਰਨ ਸਿੰਘ ਨੂੰ ਉਹਨਾਂ ਦੇ ਨਾਨਕੇ ਪਿੰਡ ਚਹਿਲਾਂ ਵਿਖੇ ਛੁੱਟੀਆਂ ਕੱਟਣ ਲਈ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹਨਾਂ ਦਾ ਮੋਟਰਸਾਈਕਲ ਪਿੰਡ ਬਾਲਿਓਂ ਨੇੜੇ ਪੁੱਜਾ ਤਾਂ ਪਹਿਲਾਂ ਤੋਂ ਹੀ ਸੜਕ ਦੇ ਕਿਨਾਰੇ ਖੜ੍ਹੀ ਇਕ ਕਰੇਟਾ ਕਾਰ ਦੇ ਚਾਲਕ ਨੇ ਅਚਾਨਕ ਆਪਣੀ ਕਾਰ ਬੜੀ ਤੇਜ਼ੀ ਨਾਲ ਸੜਕ ਤੇ ਲਿਜਾਂਦੇ ਹੋਏ ਮੋਟਰਸਾਈਕਲ ਵਿਚ ਮਾਰੀ ਤੇ ਸਾਰੇ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਿਦਿਆਰਥੀ ਹਰਜੋਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹਾਦਸੇ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਮੌਕੇ ਤੋਂ ਛੱਡ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਸਮਰਾਲਾ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਇਸ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।