Sad News : ਲੁਧਿਆਣਾ 'ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ 17 ਸਾਲ ਦੇ ਇਕਲੌਤੇ ਪੁੱਤ ਦੀ ਮੌਤ
ਥਾਣਾ ਦਰੇਸੀ ਦੇ ਜਾਂਚ ਅਧਿਕਰੀ ਸਹਾਇਕ ਥਾਣੇਦਾਰ ਪ੍ਰਵੀਨ ਕੁਮਾਰ ਮੁਤਾਬਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕ ਵਿਸ਼ੇਸ਼ ਕੁਮਾਰ ਦੇ ਮਾਮੇ ਵਿਸ਼ਾਲ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਾਣਜਾ ਸ਼ਨਿਚਵਾਰ ਰਾਤ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿਚ ਹਿੱਸਾ ਲੈਣ ਲਈ ਘਰੋਂ ਗਿਆ ਸੀ।
Publish Date: Mon, 27 Apr 2026 09:35 PM (IST)
Updated Date: Mon, 27 Apr 2026 09:38 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਅਣਗਹਿਲੀ ਅਤੇ ਤੇਜ਼ ਰਫਤਾਰੀ ਕਰਨ ਹੋਏ ਸੜਕ ਹਾਦਸੇ ਨੇ ਇਕ ਪਰਿਵਾਰ ਦੇ ਇਕਲੌਤੇ ਸਹਾਰੇ ਦੀ ਕੀਮਤੀ ਜ਼ਿੰਦਗੀ ਨਿਗਲ ਲਈ। ਥਾਣਾ ਦਰੇਸੀ ਦੇ ਅਧੀਨ ਇਲਾਕੇ ਵਿਚ ਹੋਈ ਇਸ ਦਰਦਨਾਕ ਦੁਰਘਟਨਾ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਵਿਸ਼ੇਸ਼ ਕੁਮਾਰ ਉਮਰ ਕਰੀਬ 17 ਸਾਲ ਦੇ ਰੂਪ ਵਿਚ ਹੋਈ ਹੈ।
ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਣ ਮਗਰੋਂ ਹਾਦਸੇ ਲਈ ਜ਼ਿੰਮੇਵਾਰ ਮੁਲਜ਼ਮ ਚਾਲਕ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਸੁਰਾਗ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਥਾਣਾ ਦਰੇਸੀ ਦੇ ਜਾਂਚ ਅਧਿਕਰੀ ਸਹਾਇਕ ਥਾਣੇਦਾਰ ਪ੍ਰਵੀਨ ਕੁਮਾਰ ਮੁਤਾਬਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕ ਵਿਸ਼ੇਸ਼ ਕੁਮਾਰ ਦੇ ਮਾਮੇ ਵਿਸ਼ਾਲ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਾਣਜਾ ਸ਼ਨਿਚਵਾਰ ਰਾਤ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿਚ ਹਿੱਸਾ ਲੈਣ ਲਈ ਘਰੋਂ ਗਿਆ ਸੀ।
ਜਨਮ ਦਿਨ ਪਾਰਟੀ ਖਤਮ ਹੋਣ ਮਗਰੋਂ ਉਹ ਈ ਰਿਕਸ਼ਾ ਵਿੱਚ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਕਿਸੇ ਤੇਜ਼ ਰਫਤਾਰ ਵਾਹਨ ਨੇ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਦੁਰਘਟਨਾ ਵਿਚ ਵਿਸ਼ੇਸ਼ ਬੁਰੀ ਤਰ੍ਹਾਂ ਨਾਲ ਫੱਟੜ ਹੋਣ ਕਾਰਨ ਕੁਝ ਸਮੇਂ ਬਾਅਦ ਹੀ ਦਮ ਤੋੜ ਗਿਆ।
ਜਾਣਕਾਰੀ ਮੁਤਾਬਕ ਵਿਸ਼ੇਸ਼ ਕੁਮਾਰ ਦੇ ਭਰਾ ਦੀ ਕਰੀਬ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਘਟਨਾ ਮਗਰੋ ਵਿਸ਼ੇਸ਼ ਕੁਮਾਰ ਆਪਣੀ ਮਾਂ ਦਾ ਇਕ ਮਾਤਰ ਸਹਾਰਾ ਬਚਿਆ ਸੀ। ਦੁਰਘਟਨਾ ਦੇ ਤਫਤੀਸ਼ ਅਧਿਕਾਰੀ ਪ੍ਰਵੀਨ ਕੁਮਾਰ ਮੁਤਾਬਕ ਦੁਰਘਟਨਾ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ ਵਿੱਚ ਲੈ ਕੇ ਹਾਦਸੇ ਲਈ ਜ਼ਿੰਮੇਵਾਰ ਵਾਹਨ ਚਾਲਕ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।