ਪ੍ਰੇਮ ਨਗਰ ਦੇ ਇੱਕ ਘਰ ਦੇ ਬਾਹਰ ਹੰਗਾਮਾ
ਪ੍ਰੇਮ ਨਗਰ ਦੇ ਇੱਕ ਘਰ ਦੇ ਬਾਹਰ ਹੰਗਾਮਾ
Publish Date: Thu, 23 Apr 2026 10:29 PM (IST)
Updated Date: Fri, 24 Apr 2026 04:14 AM (IST)

ਸ਼ਰਾਬ ਦੇ ਨਸ਼ੇ ’ਚ ਆਏ ਦੋ ਭਰਾਵਾਂ ਵੱਲੋਂ ਕੁੱਟਮਾਰ, ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਪ੍ਰੇਮ ਨਗਰ ਇਲਾਕੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਹਮਲਾਵਰਾਂ ਵੱਲੋਂ ਇਕ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਿਸ ਨੇ ਪੀੜਤ ਦੇ ਬਿਆਨ ’ਤੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਲਛਮਣ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪ੍ਰੇਮ ਨਗਰ ਨੇ ਦੱਸਿਆ ਕਿ ਉਸ ਦੇ ਤਾਏ ਦੇ ਲੜਕੇ ਮੋਹਨ ਸਿੰਘ ਦੇ ਪੁੱਤਰ ਸੁਰਿੰਦਰ ਸਿੰਘ ਦੀ ਘਰਵਾਲੀ ਰੁੱਸ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਉਸ ਨੂੰ ਵਾਪਸ ਲਿਆਉਣ ਲਈ ਉਹ ਅਤੇ ਉਸ ਦਾ ਪਰਿਵਾਰ 22 ਅਪ੍ਰੈਲ 2026 ਨੂੰ ਜਾਣ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ 21 ਅਪ੍ਰੈਲ ਨੂੰ ਉਹ ਆਪਣੇ ਭਰਾ ਦੇ ਘਰ ਬੈਠ ਕੇ ਸਲਾਹ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲਾ ਮੁਕੇਸ਼ ਖਤਰੀ ਉਥੇ ਆ ਗਿਆ। ਸ਼ਿਕਾਇਤ ਮੁਤਾਬਕ ਮੁਕੇਸ਼ ਖੱਤਰੀ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਆਉਂਦੇ ਹੀ ਉਸ ਨੇ ਤਨਜ਼ੀਆ ਢੰਗ ਨਾਲ ਕਿਹਾ ਕਿ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਔਰਤ ਵਾਪਸ ਨਹੀਂ ਆਵੇਗੀ। ਇਸ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ ਜੋ ਕੁਝ ਹੀ ਸਮੇਂ ਵਿੱਚ ਹਿੰਸਕ ਝਗੜੇ ਵਿੱਚ ਤਬਦੀਲ ਹੋ ਗਈ। ਲਛਮਣ ਸਿੰਘ ਨੇ ਦੋਸ਼ ਲਾਇਆ ਕਿ ਮੁਕੇਸ਼ ਖਤਰੀ ਨੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦਾ ਭਰਾ ਬੰਟੀ ਖਤਰੀ ਵੀ ਮੌਕੇ ’ਤੇ ਆ ਗਿਆ ਅਤੇ ਉਸਨੇ ਵੀ ਆਉਂਦੇ ਹੀ ਪੀੜਤ ਨਾਲ ਹੱਥਾਪਾਈ ਸ਼ੁਰੂ ਕਰ ਦਿੱਤੀ। ਦੋਵਾਂ ਨੇ ਮਿਲ ਕੇ ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਦੇ ਸਿਰ ਦੇ ਵਾਲ ਵੀ ਖਿੱਚੇ। ਇੱਥੇ ਹੀ ਨਹੀਂ, ਦੋਸ਼ੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੀੜਤ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੁਕੇਸ਼ ਖਤਰੀ ਅਤੇ ਬੰਟੀ ਖਤਰੀ ਖਿਲਾਫ਼ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।