ਮਧੂਵਨ ਇਨਕਲੇਵ ਦੀਆਂ ਲੰਬਿਤ ਸਮੱਸਿਆਵਾਂ ਦਾ ਹੋਇਆ ਹੱਲ
ਰੋਹਿਤ ਵਰਮਾ ਦੀ ਪਹਿਲ ਨਾਲ ਮਧੂਵਨ ਇਨਕਲੇਵ ਦੀਆਂ ਲੰਬਿਤ ਸਮੱਸਿਆਵਾਂ ਦਾ ਹੋਇਆ ਹੱਲ
Publish Date: Sun, 17 May 2026 11:13 PM (IST)
Updated Date: Mon, 18 May 2026 04:16 AM (IST)

ਸਵਰਨਕਾਰ ਵੈਲਫੇਅਰ ਬੋਰਡ ਅਤੇ ਪੰਜਾਬ ਸਟੇਟ ਟਰੇਡ ਕਮਿਸ਼ਨ ਦੀ ਯਤਨ ਨਾਲ ਇਲਾਕੇ ਵਿੱਚ ਸੁਧਰੇ ਹਾਲਾਤ --- ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਬਾੜੇਵਾਲ ਰੋਡ ਤੇ ਸਥਿਤ ਮਧੂਵਨ ਇਨਕਲੇਵ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਲਾਕੇ ਦੀ ਸੁਸਾਇਟੀ ਵੱਲੋਂ ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਵਰਮਾ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਵਰਮਾ ਨੂੰ ਦੱਸੀਆਂ ਇਲਾਕੇ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਵੱਖ-ਵੱਖ ਮੁਸ਼ਕਿਲਾਂ ਦਾ ਉਨ੍ਹਾਂ ਨਿਪਟਾਰਾ ਕਰਵਾਉਦੇ ਹੋਏ ਕਈ ਵਿਕਾਸ ਕਾਰਜ ਜਲਦ ਕਰਵਾਉਣ ਦਾ ਭਰੌਸਾ ਦਿੱਤਾ। ਉਨ੍ਹਾਂ ਇਲਾਕਾ ਵਾਸੀਆਂ ਵੱਲੋਂ ਲੋਕਾਂ ਨੂੰ ਰੋਜ਼ਾਨਾ ਆ ਰਹੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ’ਤੇ ਪਹੁੰਚ ਕੇ ਇੱਕ-ਇੱਕ ਮਸਲੇ ਦਾ ਹੱਲ ਕਰਵਾਇਆ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਧੂਵਨ ਇਨਕਲੇਵ ਦੇ ਵਸਨੀਕਾਂ ਵੱਲੋਂ ਇਲਾਕੇ ਵਿੱਚ ਆ ਰਹੀਆਂ ਕਈ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ। ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਲੋਕਾਂ ਦੀ ਸਹੂਲਤ ਲਈ ਇਲਾਕੇ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਸੁਧਾਰਨ ਲਈ ਬੈਰੀਕੇਡ ਲਗਵਾਏ ਗਏ ਅਤੇ ਗੱਡੀਆਂ ਦੀ ਬੇਤਰਤੀਬ ਪਾਰਕਿੰਗ ਦੀ ਸਮੱਸਿਆ ਦਾ ਵੀ ਹੱਲ ਕੀਤਾ ਗਿਆ। ਇਸ ਦੇ ਨਾਲ ਹੀ ਸੁਸਾਇਟੀ ਦੇ ਗੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਦਿਆਂ ਬਿਜਲੀ ਦੇ ਟੇਢੇ-ਮੇਢੇ ਖੰਭਿਆਂ ਨੂੰ ਸਿੱਧਾ ਕਰਵਾਇਆ ਗਿਆ। ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾਉਣ ਦੇ ਨਾਲ-ਨਾਲ ਲਮਕਦੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਠੀਕ ਕਰਵਾਇਆ ਗਿਆ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ। ਰੋਹਿਤ ਵਰਮਾ ਨੇ ਦੱਸਿਆ ਕਿ ਇਲਾਕੇ ਦੇ ਪਾਰਕਾਂ ਦੀ ਸਾਫ-ਸਫਾਈ ਵੀ ਕਰਵਾਈ ਗਈ ਅਤੇ ਇਲਾਕੇ ਅਤੇ ਪਾਰਕ ਦੀ ਨਿਰੰਤਰ ਸਫਾਈ ਅਤੇ ਬੁੱਟਿਆਂ ਦੀ ਸੰਭਾਲ ਲਈ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਈ ਗਈ ਤਾਂ ਜੋ ਇਲਾਕਾ ਵਾਸੀਆਂ ਨੂੰ ਪਾਰਕ ਅਤੇ ਇਲਾਕੇ ਵਿੱਚ ਸਾਫਈ ਅਤੇ ਸੁਚੱਜਾ ਮਾਹੌਲ ਮਿਲ ਸਕੇ। ਇਸ ਤੋਂ ਇਲਾਵਾ ਇਲਾਕੇ ਵਿੱਚ ਪੀਸੀਆਰ ਦੀ ਗਸ਼ਤ ਵੀ ਯਕੀਨੀ ਬਣਾਈ ਗਈ ਹੈ, ਜਿਸ ਨਾਲ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੈ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਈ ਹੈ। ਇਸ ਮੌਕੇ ਮਧੂਵਨ ਇਨਕਲੇਵ ਸੁਸਾਇਟੀ ਦੇ ਮੈਂਬਰਾਂ ਵੱਲੋਂ ਲੋਕ ਭਲਾਈ ਲਈ ਕੀਤੇ ਗਏ ਕਾਰਜਾਂ ਸਬੰਧੀ ਰੋਹਿਤ ਵਰਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਦਾ ਹੱਲ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਰੋਹਿਤ ਵਰਮਾ ਨੇ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਵਰਨਕਾਰ ਵੈਲਫੇਅਰ ਬੋਰਡ ਵੱਲੋਂ ਮਿਲੇ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੇਅਰਮੈਨ ਕੇਸ਼ਵ ਵਰਮਾ, ਪ੍ਰਧਾਨ ਡੀਪੀ ਬਾਂਸਲ, ਵਿਜੇ ਗੁਪਤਾ, ਬਿਤੇਸ਼ ਸਿੰਗਲਾ, ਮਨੀਸ਼, ਸੋਮਿਲ, ਅੰਕੁਸ਼ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਇਹ ਕੰਮ ਸੰਭਵ ਹੋ ਸਕੇ ਹਨ।