ਪਹਿਲੀ ਗਰਮੀ ’ਚ ਹੀ ਆਰਐਮਸੀ ਸੜਕਾਂ ਨੇ ਛੱਡਿਆ ਸਾਥ, ਜਗ੍ਹਾ-ਜਗ੍ਹਾ ਫਟਣ ਲੱਗੀਆਂ ਗਲੀਆਂ

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਸ਼ਹਿਰ ਵਿੱਚ ਸਮੇਂ ਦੌਰਾਨ ਬਣੀਆਂ ਆਰਐਮਸੀ (ਰੇਡੀ ਮਿਕਸ ਕੰਕਰੀਟ) ਦੀਆਂ ਗਲੀਆਂ ਅਤੇ ਸੜਕਾਂ ਪਹਿਲੀ ਗਰਮੀ ਦੀ ਤਪਸ਼ ਵੀ ਝੱਲ ਨਹੀਂ ਪਾ ਰਹੀਆਂ। ਤਾਪਮਾਨ ਵੱਧਣ ਨਾਲ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਜਗ੍ਹਾ-ਜਗ੍ਹਾ ਤੋਂ ਫਟਣ ਲੱਗੀਆਂ ਹਨ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਦੇ ਅਧੀਨ ਆਉਂਦੇ ਕਈ ਵਾਰਡਾਂ ਵਿੱਚ ਇਹ ਸਮੱਸਿਆ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ, ਜਿਸ ਨਾਲ ਨਿਰਮਾਣ ਕੰਮ ਦੀ ਗੁਣਵੱਤਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਬੀਐਂਡਆਰ ਸ਼ਾਖਾ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਗਲੀਆਂ ਤੇ ਸੜਕਾਂ ਬਨਣ ਦੇ ਸਮੇਂ ਮੌਕੇ ਤੇ ਨਹੀਂ ਆਉਦਾ ਜਿਸ ਦੇ ਚੱਲਦੇ ਠੇਕੇਦਾਰਾਂ ਵੱਲੋਂ ਨਿਯਮਾਂ ਨੂੰ ਦਰ ਕਿਨਾਰ ਕਰ ਕੰਮ ਕਰ ਦਿੱਤਾ ਜਾਂਦਾ ਹੈ। ਇਸੇ ਦਾ ਨਤੀਜਾ ਹੈ ਕਿ ਗਰਮੀ ਵਧਣ ਦੇ ਨਾਲ ਹੀ 1 ਮਹੀਨੇ ਤੋਂ ਘੱਟ ਸਮੇਂ ਵਿੱਚ ਬਣੀਆਂ ਸੜਕਾਂ ਅਤੇ ਗਲੀਆਂ ਟੁੱਟਣੀਆਂ ਜਾਂ ਇਨ੍ਹਾਂ ਵਿੱਚ ਹੁਣ ਤੋਂ ਹੀ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।
ਦੱਸਣਾ ਬਣਣਾ ਹੈ ਕਿ ਆਰਐਮਸੀ ਨਾਲ ਬਨਣ ਵਾਲੀਆਂ ਸੜਕਾਂ ਨੂੰ ਸਲੈਬਾਂ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ, ਜਿਸ ਨਾਲ ਗਰਮੀਆਂ ਵਿੱਚ ਇਨ੍ਹਾਂ ਦਾ ਟੁੱਟਣ ਤੋਂ ਬਚਾ ਰਹਿੰਦਾ ਹੈ। ਗਰਮੀ ਵੱਧਦੇ ਹੀ ਨਗਰ ਨਿਗਮ ਜ਼ੋਨ ਸੀ ਅਧੀਨ ਆਉਦੇ ਵਿਧਾਨ ਸਭਾ ਹਲਕਾ ਦੱਖਣੀ ਅਤੇ ਆਤਮ ਨਗਰ ਵਿੱਚ ਪਿਛਲੇ ਕੁਝ ਮਹੀਨੇ ਪਹਿਲਾ ਹੀ ਕਰੋੜਾਂ ਦੀ ਲਾਗਤ ਨਾਲ ਬਣੀਆਂ ਆਰਐਮਸੀ ਦੀਆਂ ਗਲੀਆਂ ਅਤੇ ਸੜਕਾਂ ਦੇ ਹੇਠਾਂ ਗੈਸ ਬਣਨ ਕਾਰਨ ਕਈ ਥਾਵਾਂ ’ਤੇ ਕੰਕਰੀਟ ਉੱਪਰ ਉੱਠ ਰਹੀ ਹੈ ਅਤੇ ਸੜਕਾਂ ਵਿਚਕਾਰੋਂ ਫੱਟ ਰਹੀਆਂ ਹਨ। ਕੁਝ ਥਾਵਾਂ ’ਤੇ ਤਾਂ ਸੜਕਾਂ ਦੇ ਟੁਕੜੇ ਉਖੜ ਕੇ ਬਾਹਰ ਆ ਗਏ ਹਨ, ਜਿਸ ਨਾਲ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਲੰਘਣ ਵਾਲਿਆਂ ਲਈ ਖਤਰਾ ਬਣ ਗਿਆ ਹੈ। ਲੋਕਾਂ ਨੇ ਦੱਸਿਆ ਕਿ ਜਿਨ੍ਹਾਂ ਗਲੀਆਂ ਅਤੇ ਸੜਕਾਂ ਨੂੰ ਕੁਝ ਮਹੀਨੇ ਪਹਿਲਾਂ ਹੀ ਤਿਆਰ ਕੀਤਾ ਗਿਆ ਸੀ, ਉਹ ਹੁਣ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਜ਼ੋਨ ਸੀ ਅਧੀਨ ਆਉਦੇ ਲੁਹਾਰਾ ਦੇ ਸਤਿਸੰਗ ਘਰ ਦੇ ਨਜ਼ਦੀਕ, ਮਾਤਾ ਰਣੀ ਮੰਦਿਰ ਡਾਬਾ, ਡਾਬਾ ਕਲੋਨੀ ਵਿੱਚ ਕਰੀਬ 20 ਦਿਨ ਪਹਿਲਾ ਬਣੀਆਂ ਗਲੀਆਂ, ਕੁਝ ਮਹੀਨੇ ਪਹਿਲਾਂ ਬਣੀ ਏਟੀਆਈ ਰੋਡਅਤੇ ਕੁਝ ਮਹੀਨੇ ਪਹਿਲਾ ਨਿਊ ਜੰਤਾ ਨਗਰ ਵਿਖੇ ਬਣੀਆਂ ਗਲੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਹਲਾਤ ਦਿਨੋਂ ਦਿਨ ਖਰਾਬ ਹੋ ਰਹੇ ਹਨ। ਕਿੱਤੇ ਸਲੈਬਾਂ ਨਾ ਬਣਾਈਆਂ ਹੋਣ ਕਾਰਨ ਆਰਐਮਸੀ ਸੜਕਾਂ ਵਿੱਚ ਤਰੇੜਾਂ, ਕਿੱਤੇ ਗਲੀਆਂ ਵਿੱਚ ਗੈਸ ਬਨਣ ਕਾਰਨ ਫਰਸ਼ ਉੱਠਣ ਅਤੇ ਕਿੱਤੇ ਸੀਵਰੇਜ ਦੇ ਲਗਾਏ ਢੱਕਣ ਟੁੱਟਣ ਦੇ ਮਾਮਲੇ ਆਮ ਦਿਖਾਈ ਦੇ ਰਹੇ ਹਨ।
ਨਿਵਾਸੀਆਂ ਦਾ ਦੋਸ਼ ਹੈ ਕਿ ਨਿਰਮਾਣ ਦੌਰਾਨ ਮਿਆਰੀ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਤਕਨੀਕੀ ਨਿਯਮਾਂ ਦੀ ਪਾਲਣਾ ਹੋਈ। ਮਾਹਿਰਾਂ ਦੇ ਅਨੁਸਾਰ ਜੇਕਰ ਆਰਐਮਸੀ ਸੜਕਾਂ ਬਣਾਉਂਦੇ ਸਮੇਂ ਠੀਕ ਮਿਕਸਿੰਗ, ਤਾਪਮਾਨ ਅਤੇ ਕਿਊਰਿੰਗ ਪ੍ਰਕਿਰਿਆ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਗਰਮੀ ਵਿੱਚ ਕੰਕਰੀਟ ਅੰਦਰ ਦਬਾਅ ਬਣਦਾ ਹੈ, ਜਿਸ ਕਾਰਨ ਸੜਕਾਂ ਵਿੱਚ ਦਰਾਰਾਂ ਅਤੇ ਉਭਾਰ ਆਉਣ ਲੱਗਦੇ ਹਨ। ਕਈ ਥਾਵਾਂ ’ਤੇ ਸੜਕਾਂ ਦੇ ਵਿਚਕਾਰ ਲੰਬੀਆਂ ਦਰਾਰਾਂ ਸਪੱਸ਼ਟ ਤੌਰ ’ਤੇ ਵੇਖੀਆਂ ਜਾ ਸਕਦੀਆਂ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਨਗਰ ਨਿਗਮ ਨੂੰ ਇਸ ਸਬੰਧੀ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਕਿ ਖਰਾਬ ਹੋ ਰਹੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਜਿੱਥੇ ਨਿਰਮਾਣ ਵਿੱਚ ਲਾਪਰਵਾਹੀ ਹੋਈ ਹੈ, ਉਥੇ ਸੰਬੰਧਤ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
---
ਨਿਗਮ ਦੀਆਂ ਤਕਨੀਕੀ ਟੀਮਾਂ ਕਰਨਗੀਆਂ ਜਾਂਚ
ਇਸ ਮਾਮਲੇ ’ਤੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਥਾਵਾਂ ਤੋਂ ਸੜਕਾਂ ਫਟਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਉਨ੍ਹਾਂ ਦਾ ਸਰਵੇ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਤਕਨੀਕੀ ਟੀਮਾਂ ਨੂੰ ਮੌਕੇ ’ਤੇ ਭੇਜ ਕੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕਿਸਮ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਉਣ ਵਾਲੀ ਦਿੱਕਤ ਨੂੰ ਦੇਖਦਿਆਂ ਪ੍ਰਭਾਵਿਤ ਸੜਕਾਂ ਦੀ ਮੁਰੰਮਤ ਲਈ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
---
ਲੋਕਾਂ ਵਿਚ ਬਣਿਆ ਚਰਚਾ ਦਾ ਵਿਸ਼ਾ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਖਰਚ ਕਰਕੇ ਬਣ ਰਹੀਆਂ ਸੜਕਾਂ ਜੇ ਪਹਿਲੀ ਹੀ ਗਰਮੀ ਵਿੱਚ ਟੁੱਟਣ ਲੱਗ ਜਾਣ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਲੋਕਾਂ ਨੇ ਮੰਗ ਕੀਤੀ ਕਿ ਭਵਿੱਖ ਵਿੱਚ ਨਿਰਮਾਣ ਕੰਮ ਦੀ ਗੁਣਵੱਤਾ ’ਤੇ ਖ਼ਾਸ ਧਿਆਨ ਦਿੱਤਾ ਜਾਵੇ ਤਾਂ ਜੋ ਜਨਤਾ ਦੇ ਪੈਸੇ ਦੀ ਬਰਬਾਦੀ ਰੋਕੀ ਜਾ ਸਕੇ ਅਤੇ ਲੋਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਮਿਲ ਸਕਣ।
---
ਨਿਗਮ ਕਮਿਸ਼ਨਰ ਨੂੰ ਭੇਜੀ ਜਾਵੇਗੀ ਵਿਸਥਾਰਤ ਰਿਪੋਰਟ
ਉਧਰ ਇਸ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਜ਼ੋਨ ਸੀ ਦੇ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਨਵੀਆਂ ਬਣੀਆਂ ਸੜਕਾਂ ਤੇ ਗਲੀਆਂ ਦੇ ਅਜਿਹੇ ਹਲਾਤ ਬਣ ਰਹੇ ਹਨ ਤਾਂ ਇਹ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਇਸ ਦੀ ਵਿਸਥਾਰਤ ਰਿਪੋਰਟ ਤਿਆਰ ਕਰ ਨਗਰ ਨਿਗਮ ਕਮਿਸ਼ਨਰ ਨੂੰ ਭੇਜਣਗੇ।