ਬਰਸਾਤ ਨੇ ਖੋਲ੍ਹੀ ਪੋਲ ਸੀਵਰੇਜ ਲਾਈਨਾਂ ਵਿੱਚ ਛੱਡੇ ਜਾ ਰਹੇ ਤੇਜਾਬੀ ਤੇ ਕੈਮੀਕਲ ਵਾਲੇ ਪਾਣੀ ਦੀ ਪੋਲ

-ਸੜਕਾਂ ’ਤੇ ਆਇਆ ਤੇਜ਼ਾਬੀ ਪਾਣੀ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਪਿਛਲੇ ਦਿਨਾਂ ਤੋਂ ਸਮੱਸਿਆਵਾਂ ਕਾਰਨ ਸਿਆਸਤ ਦਾ ਧੁਰਾ ਬਣੇ ਹੋਏ ਮਹਾਨਗਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਹੁਣ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਖੁਲਾਸਾ ਸ਼ਨਿਚਰਵਾਰ ਨੂੰ ਪਏ ਮੀਂਹ ਤੋਂ ਬਾਅਦ ਹੋਇਆ, ਜਿਸ ਨੇ ਨਗਰ ਨਿਗਮ ਦੇ ਓਐਂਡਐਮ ਸਮੇਤ ਪੀਪੀਸੀਬੀ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਲਕਾ ਦੱਖਣੀ ਅਧੀਨ ਆਉਂਦੇ ਇਲਾਕੇ ਗੁਰੂ ਅਮਰਦਾਸ ਕਲੋਨੀ ਅਤੇ ਅਮਰਪੁਰੀ ਦੇ ਵਿਚਕਾਰੋਂ ਲੰਘਦੇ ਡਾਬਾ-ਗਿਆਸਪੁਰਾ ਰੋਡ ’ਤੇ ਸ਼ਨਿਚਰਵਾਰ ਨੂੰ ਪਈ ਬਰਸਾਤ ਤੋਂ ਬਾਅਦ ਸਾਹਮਣੇ ਆਏ ਦ੍ਰਿਸ਼ਾਂ ਨੇ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਅਤੇ ਉਦਯੋਗਿਕ ਪ੍ਰਦੂਸ਼ਣ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੜਕ ਉੱਪਰ ਭਰਿਆ ਜੰਗਾਲੇ ਰੰਗ ਦਾ ਪਾਣੀ ਅਤੇ ਉਸ ਵਿੱਚੋਂ ਆ ਰਹੀ ਬਦਬੂ ਨੇ ਇਲਾਕਾ ਵਾਸੀਆਂ ਨੂੰ ਚਿੰਤਤ ਕਰ ਦਿੱਤਾ, ਜਦਕਿ ਲੋਕਾਂ ਦਾ ਦਾਅਵਾ ਹੈ ਕਿ ਇਹ ਪਾਣੀ ਆਮ ਸੀਵਰੇਜ ਦਾ ਨਹੀਂ, ਸਗੋਂ ਫੈਕਟਰੀਆਂ ਵੱਲੋਂ ਨਗਰ ਨਿਗਮ ਦੀਆਂ ਲਾਈਨਾਂ ਵਿੱਚ ਛੱਡੇ ਜਾ ਰਹੇ ਕੈਮੀਕਲ ਅਤੇ ਤੇਜਾਬੀ ਪਾਣੀ ਦਾ ਨਤੀਜਾ ਹੈ।
ਸਥਾਨਕ ਨਿਵਾਸੀਆਂ ਮੁਤਾਬਕ ਡਾਬਾ-ਗਿਆਸਪੁਰਾ ਇਲਾਕਾ ਉਦਯੋਗਿਕ ਇਕਾਈਆਂ ਨਾਲ ਘਿਰਿਆ ਹੋਇਆ ਹੈ ਅਤੇ ਇੱਥੇ ਪਹਿਲਾਂ ਵੀ ਕਈ ਵਾਰ ਫੈਕਟਰੀਆਂ ਵੱਲੋਂ ਕੈਮੀਕਲ ਯੁਕਤ ਪਾਣੀ ਸੀਵਰੇਜ ਵਿੱਚ ਛੱਡਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਸੀਵਰੇਜ ਲਾਈਨਾਂ ਜਾਮ ਹੁੰਦੀਆਂ ਹਨ ਜਾਂ ਮੀਂਹ ਪੈਂਦਾ ਹੈ ਤਾਂ ਇਹ ਜ਼ਹਿਰੀਲਾ ਪਾਣੀ ਸੜਕਾਂ ਅਤੇ ਕਈ ਵਾਰ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਲੋਕਾਂ ਦੀ ਸਿਹਤ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ‘ਤੇ ਵੀ ਅਸਰ ਪੈਂਦਾ ਹੈ।
ਬੀਤੇ ਕੱਲ ਪਏ ਮੀਂਹ ਤੋਂ ਬਾਅਦ ਜਦੋਂ ਸੀਵਰੇਜ ਦਾ ਪਾਣੀ ਸੜਕ ਉੱਪਰ ਆਇਆ ਤਾਂ ਉਸ ਦਾ ਰੰਗ ਆਮ ਗੰਦੇ ਪਾਣੀ ਨਾਲੋਂ ਕਾਫੀ ਵੱਖਰਾ ਨਜ਼ਰ ਆਇਆ। ਸੜਕ ਉੱਪਰ ਖੜ੍ਹੇ ਜੰਗਾਲੇ ਅਤੇ ਕੈਮੀਕਲ ਵਰਗੇ ਪਾਣੀ ਨੇ ਇਹ ਸੰਕੇਤ ਦਿੱਤਾ ਕਿ ਸੀਵਰੇਜ ਲਾਈਨਾਂ ਵਿੱਚ ਉਦਯੋਗਿਕ ਕਚਰਾ ਅਤੇ ਰਸਾਇਣਕ ਪਦਾਰਥ ਲਗਾਤਾਰ ਛੱਡੇ ਜਾ ਰਹੇ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਅਤੇ ਪੀਪੀਸੀਬੀ ਦੀ ਨਿਗਰਾਨੀ ਦੀ ਕਮੀ ਕਾਰਨ ਕੁਝ ਫੈਕਟਰੀਆਂ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਘਰਾਂ ਵਿੱਚ ਆਉਣ ਵਾਲੇ ਪਾਣੀ ਦੇ ਰੰਗ ਅਤੇ ਗੁਣਵੱਤਾ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਸਮਾਜ ਸੇਵੀ ਸੰਸਥਾਵਾਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਕਈ ਮੌਕਿਆਂ ’ਤੇ ਇਸ ਮਸਲੇ ਨੂੰ ਉਠਾਇਆ ਸੀ। ਲੋਕਾਂ ਦੇ ਦਬਾਅ ਤੋਂ ਬਾਅਦ ਪੀਪੀਸੀਬੀ ਤੇ ਨਗਰ ਨਿਗਮ ਵੱਲੋਂ ਕੁਝ ਫੈਕਟਰੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਦਾਅਵੇ ਵੀ ਕੀਤੇ ਗਏ ਸਨ, ਪਰ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਉਹ ਕਾਰਵਾਈ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਿਰਫ਼ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਸੜਕਾਂ ‘ਤੇ ਇਸ ਤਰ੍ਹਾਂ ਦਾ ਪਾਣੀ ਨਜ਼ਰ ਆ ਸਕਦਾ ਹੈ ਤਾਂ ਸੋਚਿਆ ਜਾ ਸਕਦਾ ਹੈ ਕਿ ਸੀਵਰੇਜ ਲਾਈਨਾਂ ਵਿੱਚ ਕਿੰਨੀ ਮਾਤਰਾ ਵਿੱਚ ਕੈਮੀਕਲ ਅਤੇ ਤੇਜਾਬੀ ਪਾਣੀ ਛੱਡਿਆ ਜਾ ਰਿਹਾ ਹੋਵੇਗਾ। ਲੋਕਾਂ ਨੇ ਨਗਰ ਨਿਗਮ ਦੇ ਓਐਂਡਐਮ ਸੈੱਲ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਸੀਵਰੇਜ ਲਾਈਨਾਂ ਦੀ ਸਫਾਈ ਅਤੇ ਨਿਗਰਾਨੀ ਕੀਤੀ ਜਾਂਦੀ ਤਾਂ ਇਹ ਹਾਲਾਤ ਪੈਦਾ ਨਾ ਹੁੰਦੇ।
---
ਕੀਤੀ ਜਾਵੇਗੀ ਸਖ਼ਤ ਕਾਰਵਾਈ : ਐਕਸੀਅਨ
ਮਾਮਲੇ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੀਜ਼ਨਲ ਦਫਤਰ 2 ਦੇ ਐਕਸੀਅਨ ਸੰਦੀਪ ਕੁਮਾਰ ਨੇ ਕਿਹਾ ਕਿ ਪੀਪੀਸੀਬੀ ਵਿਭਾਗ ਦੇ ਬਹੁਤੇ ਅਧਿਕਾਰੀਆਂ ਦੀ ਡਿਊਟੀ ਜਨਗਨਣਾ ਵਿੱਚ ਲੱਗਣ ਕਾਰਨ ਉਕਤ ਇਲਾਕੇ ਦੀਆਂ ਕੁਝ ਫੈਕਟਰੀਆਂ ਵਾਲਿਆਂ ਵੱਲੋਂ ਮੌਕੇ ਦਾ ਫਾਇਦਾ ਚੁੱਕ ਆਪਣਾ ਅਣਸੋਧਿਆ ਗੰਧਲਾ ਪਾਣੀ ਸੀਵਰੇਜ ਲਾਈਨਾਂ ਵਿੱਚ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਪੀਸੀਬੀ ਵਿਭਾਗ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੇ ਉਕਤ ਯੂਨਿਟਾਂ ਦੀ ਪਛਾਣ ਕਰਕੇ ਜਲਦ ਹੀ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
---
ਜਾਂਚ ਕਰ ਕੇ ਪੀਪੀਸੀਬੀ ਨੂੰ ਦਿੱਤੀ ਜਾਵੇਗੀ ਰਿਪੋਰਟ : ਜੇਈ
ਇਸ ਮਾਮਲੇ ਸਬੰਧੀ ਨਗਰ ਨਿਗਮ ਜ਼ੋਨ ਸੀ ਦੇ ਓਐਂਡਐਮ ਸੈੱਲ ਦੇ ਜੂਨੀਅਰ ਇੰਜੀਨੀਅਰ ਅਵਨੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਉਹ ਸਵੇਰੇ ਇਲਾਕੇ ਦੀਆਂ ਫੈਕਟਰੀਆਂ ਦੀ ਜਾਂਚ ਕਰਨ ਦੇ ਨਾਲ ਨਾਲ ਇਸ ਦੀ ਜਾਣਕਾਰੀ ਪੀਪੀਸੀਬੀ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਜਿਸ ਵੱਲੋਂ ਵੀ ਤੇਜਾਬੀ ਜਾਂ ਕੈਮੀਕਲ ਵਾਲਾ ਪਾਣੀ ਸੀਵਰੇਜ ਲਾਈਨ ਵਿੱਚ ਛੱਡਿਆ ਗਿਆ ਹੋਵੇਗਾ, ਉਸ ਫੈਕਟਰੀ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।