ਵੀਆਈਪੀ ਕਲਚਰ ’ਤੇ ਫਿਰ ਉੱਠੇ ਸਵਾਲ

-ਦਾਦਾ-ਪੋਤੀ ਨੂੰ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ਤੋਂ ਡੀਸੀ ਨੇ ਮੰਗਿਆ ਜਵਾਬ
-ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਦੀਪਕ ਗਰਗ ਨੇ ਸੋਸ਼ਲ ਮੀਡੀਆ ਤੋਂ ਹਟਾਈ ਵੀਡੀਓ
---
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਦੁੱਗਰੀ ਇਲਾਕੇ ਦੀ ਮਾਰਕੀਟ ਵਿੱਚ ਬੁੱਧਵਾਰ ਰਾਤ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਬਜ਼ੁਰਗ ਵਿਅਕਤੀ ਅਤੇ ਉਸ ਦੀ ਪੋਤੀ ਨੂੰ ਪੁਲਿਸ ਨੇ ਵੀਆਈਪੀ ਦੌਰੇ ਦਾ ਹਵਾਲਾ ਦੇ ਕੇ ਮਾਰਕੀਟ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਤਾਂ ਵੀਆਈਪੀ ਕਲਚਰ ਅਤੇ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ।
ਜਾਣਕਾਰੀ ਮੁਤਾਬਕ ਸਮਾਜ ਸੇਵੀ ਦੀਪਕ ਗਰਗ ਆਪਣੀ ਪੋਤੀ ਨਾਲ ਦੁੱਗਰੀ ਮਾਰਕੀਟ ਵਿੱਚ ਆਈਸਕ੍ਰੀਮ ਖਰੀਦਣ ਲਈ ਗਏ ਹੋਏ ਸਨ। ਇਸ ਦੌਰਾਨ ਮਾਰਕੀਟ ਵੱਲ ਜਾਣ ਵਾਲੇ ਰਸਤੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਕਾਰ ਅੱਗੇ ਜਾਣ ਤੋਂ ਰੋਕ ਦਿੱਤੀ। ਪੁਲਿਸ ਵੱਲੋਂ ਕਿਹਾ ਗਿਆ ਕਿ ਡਿਪਟੀ ਕਮਿਸ਼ਨਰ ਦੇ ਦੌਰੇ ਕਾਰਨ ਵੀਆਈਪੀ ਰੂਟ ਬਣਾਇਆ ਗਿਆ ਹੈ ਅਤੇ ਆਮ ਲੋਕਾਂ ਦੀ ਆਵਾਜਾਈ ਰੋਕੀ ਗਈ ਹੈ। ਦੀਪਕ ਗਰਗ ਨੇ ਪੁਲਿਸ ਮੁਲਾਜ਼ਮਾਂ ਨਾਲ ਤਰਕ ਕਰਦੇ ਹੋਏ ਸਵਾਲ ਉਠਾਇਆ ਕਿ ਜੇ ਕੋਈ ਅਧਿਕਾਰੀ ਆ ਰਿਹਾ ਹੈ ਤਾਂ ਕੀ ਆਮ ਲੋਕਾਂ ਨੂੰ ਸੜਕਾਂ ’ਤੇ ਚਲਣ ਦਾ ਹੱਕ ਵੀ ਨਹੀਂ ਰਹਿੰਦਾ। ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਲੱਤ ਵਿੱਚ ਤਕਲੀਫ਼ ਹੈ ਅਤੇ ਉਹ ਜ਼ਿਆਦਾ ਤੁਰ ਨਹੀਂ ਸਕਦੇ, ਫਿਰ ਵੀ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਸਬੰਧੀ ਦੀਪਕ ਗਰਗ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ। ਗਰਗ ਨੇ ਦਾਅਵਾ ਕੀਤਾ ਕਿ ਬਾਅਦ ਵਿੱਚ ਪਤਾ ਲੱਗਾ ਕਿ ਡਿਪਟੀ ਕਮਿਸ਼ਨਰ ਨਹੀਂ, ਸਗੋਂ ਕੋਈ ਸੀਨੀਅਰ ਪੁਲਿਸ ਅਧਿਕਾਰੀ ਮਾਰਕੀਟ ਵਿੱਚ ਆਉਣ ਵਾਲਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗਲਤ ਜਾਣਕਾਰੀ ਦੇ ਕੇ ਡੀਸੀ ਦੇ ਦੌਰੇ ਦਾ ਹਵਾਲਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਅੱਜ ਛੁੱਟੀ ਵਾਲੇ ਦਿਨ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ, ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਵੀ ਬੁਲਾਇਆ ਗਿਆ। ਮੀਟਿੰਗ ਦੌਰਾਨ ਸਪੱਸ਼ਟ ਹੋਇਆ ਕਿ ਡੀਸੀ ਨਹੀਂ, ਬਲਕਿ ਡੀਸੀਪੀ ਦਾ ਦੌਰਾ ਸੀ।
---
ਡਿਪਟੀ ਕਮਿਸ਼ਨਰ ਨੇ ਸਥਿਤੀ ਕੀਤੀ ਸਪੱਸ਼ਟ
ਇਸ ਮਾਮਲੇ ’ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਾਫ਼ ਕੀਤਾ ਕਿ ਉਹ ਉੱਥੇ ਮੌਜੂਦ ਹੀ ਨਹੀਂ ਸਨ ਅਤੇ ਉਹ ਖੁਦ ਵੀਆਈਪੀ ਕਲਚਰ ਦੇ ਵਿਰੋਧੀ ਹਨ। ਡੀਸੀ ਜੈਨ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਵੀਰਵਾਰ ਨੂੰ ਹੋਈ ਮੀਟਿੰਗ ਤੋਂ ਸਮਾਜ ਸੇਵੀ ਦੀਪਕ ਗਰਗ ਨੇ ਫੇਸ ਬੁੱਕ ’ਤੇ ਪਾਈ ਵੀਡੀਓ ਹਟਾਈ ਅਤੇ ਨਵੀਂ ਵੀਡੀਓ ਪੋਸਟ ਕਰਕੇ ਡਿਪਟੀ ਕਮਿਸ਼ਨਰ ਨਾਲ ਹੌਹੀ ਮੀਟਿੰਗ ਦੀ ਜਾਣਕਾਰੀ ਦਿੱਤੀ।