ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ’ਤੇ ਮਾਣ ਕਰਨਾ ਚਾਹੀਦੈ : ਡਾ. ਗੋਸਲ
ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ’ਤੇ ਮਾਣ ਕਰਨਾ ਚਾਹੀਦੈ-ਡਾ.ਗੋਸਲ
Publish Date: Tue, 05 May 2026 06:43 PM (IST)
Updated Date: Wed, 06 May 2026 04:11 AM (IST)

- ਪੀਏਯੂ ਦੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਨੇ ਰਾਸ਼ਟਰੀ ਟੈਕਸਟਾਈਲ ਦਿਹਾੜਾ ਮਨਾਇਆ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਭਾਰਤ ਦੀ ਅਮੀਰ ਵਸਤਰ ਪਰੰਪਰਾ ਬਾਰੇ ਜਾਗਰੂਕਤਾ ਦਾ ਪਸਾਰ ਕਰਨ ਦੇ ਉਦੇਸ਼ ਨਾਲ ਪੀਏਯੂ ਦੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਨੇ ਰਾਸ਼ਟਰੀ ਟੈਕਸਟਾਈਲ ਦਿਹਾੜਾ ਮਨਾਇਆ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਰਵਾਇਤੀ ਪਹਿਰਾਵਿਆਂ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਇਸ ਸਮਾਰੋਹ ਵਿੱਚ ਵਸਤਰ ਕਲਾ ਅਤੇ ਕਢਾਈ ਬੁਣਾਈ ਦੇ ਤਰੀਕਿਆਂ ਬਾਰੇ ਵੀ ਝਲਕ ਵਿਖਾਈ ਦਿੱਤੀ। ਇਸ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਵਿਸ਼ੇਸ਼ ਸੱਭਿਆਚਾਰ ਉੱਪਰ ਮਾਣ ਕਰਨਾ ਚਾਹੀਦਾ ਹੈ ਜਿਸਨੇ ਖਾਣ ਪੀਣ ਅਤੇ ਪਹਿਰਾਵੇ ਦੀਆਂ ਬਹੁਤ ਸਾਰੀਆਂ ਵੰਨਗੀਆਂ ਅਤੇ ਰਵਾਇਤਾਂ ਇੱਥੋਂ ਦੀ ਲੋਕਾਈ ਨੂੰ ਦਿੱਤੀਆਂ। ਉਨਾਂ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਵੱਲੋਂ ਇਸ ਸੰਬੰਧ ਵਿੱਚ ਕੀਤੇ ਜਾਣ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਆਉਣ ਵਾਲੀਆਂ ਪੀੜੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਕੀਤੇ ਜਾਣ ਵਾਲੇ ਯਤਨਾਂ ਨੂੰ ਸਲਾਹਿਆ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਤੋਂ ਇਲਾਵਾ ਪੀਏਯੂ. ਦੇ ਕਮਿਊਨਟੀ ਸਾਇੰਸ ਕਾਲਜ ਅਤੇ ਹੋਰ ਕਾਲਜਾਂ ਦੇ ਵਿਭਾਗਾਂ ਤੋਂ ਅਧਿਆਪਕਾਂ ਨੇ ਵੀ ਹਾਜ਼ਰੀ ਭਰੀ। ਵਿਭਾਗ ਨੇ ਇਸ ਸਮਾਰੋਹ ਨੂੰ ਦਿਲਕਸ਼ ਬਨਾਉਣ ਲਈ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਪਹਿਰਾਵਿਆਂ ਦੀ ਪ੍ਰਦਰਸ਼ਨੀ ਲਾਈ ਸੀ, ਹਾਜ਼ਰ ਲੋਕਾਂ ਨੇ ਇਸ ਮੌਕੇ ਕੱਪੜਿਆਂ ਦੀ ਬਣਤਰ ਅਤੇ ਬੁਣਤਰ, ਤਕਨੀਕਾਂ, ਸ਼ਿਲਪਕਾਰੀ ਆਦਿ ਨੂੰ ਨਾਲ ਦੇਖਿਆ। ਵਿਭਾਗ ਦੇ ਵਿਰਾਸਤੀ ਹਾਲ ਵਿੱਚ ਇਸ ਮੌਕੇ ਵਿਦਿਆਰਥੀਆਂ ਲਈ ਡਿਜ਼ਾਇਨ ਕੇਂਦਰ ਦੀ ਸਥਾਪਨਾ ਕੀਤੀ ਗਈ। ਇਸ ਕੇਂਦਰ ਦੀ ਸਥਾਪਤੀ ਨਾਲ ਉਨਾਂ ਨੂੰ ਵਿਰਾਸਤ ਵਿੱਚੋਂ ਜੜ੍ਹਾਂ ਦੀ ਤਲਾਸ਼ ਕਰਕੇ ਪਹਿਰਾਵਿਆਂ ਬਾਰੇ ਸੋਚਣ ਦਾ ਮੌਕਾ ਮੁਹੱਈਆ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ. ਹਰਮਿੰਦਰ ਕੌਰ ਸੈਣੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।