Punjab Weather Update: ਸੂਬੇ ’ਚ ਇਸ ਦਿਨ ਤੋਂ ਮੁੜ ਹਨੇਰੀ ਚੱਲਣ ਤੇ ਗੜੇਮਾਰੀ ਦਾ ਅਲਰਟ ਜਾਰੀ, ਕਿਸਾਨ ਪਰੇਸ਼ਾਨ
ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ’ਚ ਆਮ ਨਾਲੋਂ ਵੱਧ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।
Publish Date: Mon, 06 Apr 2026 09:16 AM (IST)
Updated Date: Mon, 06 Apr 2026 09:43 AM (IST)
ਜਾਸ, ਲੁਧਿਆਣਾ : ਪੰਜਾਬ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਮੀਂਹ ਤੇ ਗੜ੍ਹੇਮਾਰੀ ਤੋਂ ਬਾਅਦ ਐਤਵਾਰ ਨੂੰ ਮੌਸਮ ਸਾਫ਼ ਰਿਹਾ। ਇਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲੀ। ਹਾਲਾਂਕਿ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਦੋ ਦਿਨ ਮੌਸਮ ਸਾਫ਼ ਰਹਿਣ ਤੋਂ ਬਾਅਦ ਸੱਤ ਅਪ੍ਰੈਲ ਤੋਂ ਫਿਰ ਮੌਸਮ ਬਦਲੇਗਾ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ’ਚ ਆਮ ਨਾਲੋਂ ਵੱਧ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਦੇਰ ਸ਼ਾਮ ਵਿਗੜਿਆ ਮੌਸਮ ਦਾ ਮਿਜ਼ਾਜ ਐਤਵਾਰ ਸਵੇਰੇ ਚਾਰ ਵਜੇ ਤੱਕ ਜਾਰੀ ਰਿਹਾ। ਤੇਜ਼ ਹਵਾਵਾਂ ਨਾਲ ਕਈ ਥਾਈੰ ਬਾਰਿਸ਼ ਹੁੰਦੀ ਰਹੀ। ਮੌਸਮ ਕੇਂਦਰ ਚੰਡੀਗੜ ਮੁਤਾਬਕ ਬੀਤੇ 24 ਘੰਟਿਆਂ ’ਚ ਸਭ ਤੋਂ ਵੱਧ ਬਾਰਿਸ਼ ਬਠਿੰਡਾ ’ਚ 9.4 ਮਿਲੀਮੀਟਰ ਦਰਜ ਕੀਤੀ ਗਈ। ਇਸ ਤੋਂ ਇਲਾਵਾ ਫਰੀਦਕੋਟ ’ਚ 7.8, ਪਠਾਨਕੋਟ ’ਚ 7.5, ਮੋਹਾਲੀ ’ਚ 5.0, ਅੰਮ੍ਰਿਤਸਰ ’ਚ 4.2, ਫਿਰੋਜਪੁਰ ’ਚ 4.0, ਹੁਸ਼ਿਆਰਪੁਰ ’ਚ 1.8 ਤੇ ਰੂਪਨਗਰ ’ਚ 1.0 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।