Punjab Weather : ਪੰਜਾਬ ’ਚ ਹਨੇਰੀ ਤੇ ਬਾਰਿਸ਼ ਦੇ ਨਾਲ ਗੜੇਮਾਰੀ, ਐਤਵਾਰ ਨੂੰ ਵੀ ਯੈਲੋ ਅਲਰਟ
ਪੂਰਬੀ ਹਵਾ ਤੇ ਪੱਛਮੀ ਗੜਬੜੀ ਕਾਰਨ ਸ਼ਨਿਚਰਵਾਰ ਨੂੰ ਪੂਰੇ ਪੰਜਾਬ ’ਚ ਬਾਰਿਸ਼ ਹੋਈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਵਾ ਵਿਚਾਲੇ ਸਵੇਰੇ ਸੱਤ ਵਜੇ ਤੋਂ ਲੈ ਕੇ ਪੂਰਾ ਦਿਨ ਰੁਕ ਰੁਕ ਕੇ ਬਾਰਿਸ਼ ਹੋਈ, ਕਈ ਜ਼ਿਲ੍ਹਿਆਂ ’ਚ ਗੜੇਮਾਰੀ ਵੀ ਹੋਈ।
Publish Date: Sat, 30 May 2026 10:32 PM (IST)
Updated Date: Sat, 30 May 2026 10:34 PM (IST)

ਜਾਗਰਣ ਸੰਵਾਦਦਾਤਾ, ਲੁਧਿਆਣਾ : ਪੂਰਬੀ ਹਵਾ ਤੇ ਪੱਛਮੀ ਗੜਬੜੀ ਕਾਰਨ ਸ਼ਨਿਚਰਵਾਰ ਨੂੰ ਪੂਰੇ ਪੰਜਾਬ ’ਚ ਬਾਰਿਸ਼ ਹੋਈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਵਾ ਵਿਚਾਲੇ ਸਵੇਰੇ ਸੱਤ ਵਜੇ ਤੋਂ ਲੈ ਕੇ ਪੂਰਾ ਦਿਨ ਰੁਕ ਰੁਕ ਕੇ ਬਾਰਿਸ਼ ਹੋਈ, ਕਈ ਜ਼ਿਲ੍ਹਿਆਂ ’ਚ ਗੜੇਮਾਰੀ ਵੀ ਹੋਈ। ਤੇਜ਼ ਹਵਾ ਕਾਰਨ ਕਈ ਥਾਵਾਂ ’ਤੇ ਦਰੱਖਤ ਪੁੱਟੇ ਗਏ ਤੇ ਬਿਜਲੀ ਦੇ ਖੰਬੇ, ਹੋਰਡਿੰਗ ਟੁੱਟ ਕੇ ਡਿੱਗ ਗਏ, ਜਿਸ ਨਾਲ ਆਵਾਜਾਈ ਤੇ ਬਿਜਲੀ ਵਿਵਸਥਾ ਪ੍ਰਭਾਵਿਤ ਹੋਈ। ਹਾਲਾਂਕਿ, ਪਿਛਲੇ ਪੰਦਰਾਂ ਦਿਨ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਬਾਰਿਸ਼ ਨੇ ਰਾਹਤ ਦਿਵਾਈ। ਮੌਸਮ ਵਿਭਾਗ ਮੁਤਾਬਕ ਸਭ ਤੋਂ ਵੱਧ ਬਾਰਿਸ਼ ਲੁਧਿਆਣਾ ’ਚ ਹੋਈ। ਜਿੱਥੇ ਸਵੇਰੇ ਨੌਂ ਵਜੇ ਤੋਂ ਦੁਪਹਿਰ ਦੋ ਵਜੇ ਤੱਕ 36.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦਕਿ ਚੰਡੀਗੜ੍ਹ ’ਚ 24.6 ਮਿਲੀਮੀਟਰ, ਪਟਿਆਲਾ ’ਚ 19.6, ਫ਼ਾਜ਼ਿਲਕਾ ’ਚ 22.5, ਰੂਪਨਗਰ ’ਚ 21.8, ਫ਼ਿਰੋਜ਼ਪੁਰ ’ਚ 13.5, ਪਠਾਨਕੋਟ ’ਚ 25.8, ਮੋਹਾਲੀ ’ਚ 21.7, ਹੁਸ਼ਿਆਰਪੁਰ ’ਚ 11.0, ਅੰਮ੍ਰਿਤਸਰ ’ਚ 8.6, ਐੱਸਬੀਐੱਸ ਨਗਰ ’ਚ 1.5, ਫ਼ਰੀਦਕੋਟ ’ਚ 0.2 ਤੇ ਬਠਿੰਡਾ ’ਚ 0.5 ਮਿਲੀਮੀਟਰ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਐਤਵਾਰ ਤੇ ਸੋਮਵਾਰ ਨੂੰ ਵੀ ਪੰਜਾਬ ’ਚ ਹਨੇਰੀ ਤੇ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਕਈ ਜ਼ਿਲ੍ਹਿਆਂ ’ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ। ਇਸ ਦੌਰਾਨ ਗਰਜ ਦੇ ਨਾਲ ਛਿੱਟੇ ਪੈਣ, ਹਲਕੀ ਤੋਂ ਆਮ ਬਾਰਿਸ਼ ਦੀ ਸੰਭਾਵਨਾ ਹੈ। ਤਿੰਨ ਜੂਨ ਤੋਂ ਬਾਅਦ ਮੌਸਮ ਦੁਬਾਰਾ ਤੋਂ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।