ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ 15 ਮਈ ਤੋਂ 19 ਮਈ ਤੱਕ ਪੰਜਾਬ ਦੇ ਦੁਕਾਨਦਾਰ ਆਪਣੀਆਂ ਕਮੀਜ਼ਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਨਗੇ ਅਤੇ 20 ਮਈ ਨੂੰ ਵਿਰੋਧ ਵਜੋਂ ਪੰਜਾਬ ਦੇ 27 ਹਜ਼ਾਰ ਹੋਲਸੇਲ ਅਤੇ ਰਿਟੇਲ ਮੈਡੀਕਲ ਸਟੋਰਾਂ ਨੂੰ ਬੰਦ ਰੱਖਿਆ ਜਾਵੇਗਾ।

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਚਾਵਲਾ ਅਤੇ ਪ੍ਰਧਾਨ ਸੁਰਿੰਦਰ ਦੁਗਲ ਦੀ ਅਗਵਾਈ ਹੇਠ ਲੁਧਿਆਣਾ ਦੇ ਇੱਕ ਹੋਟਲ ਵਿੱਚ ਹਸਈ। ਮੀਟਿੰਗ ਵਿੱਚ ਪੰਜਾਬ ਦੇ 23 ਜ਼ਿਲਿਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ 15 ਮਈ ਤੋਂ 19 ਮਈ ਤੱਕ ਪੰਜਾਬ ਦੇ ਦੁਕਾਨਦਾਰ ਆਪਣੀਆਂ ਕਮੀਜ਼ਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਨਗੇ ਅਤੇ 20 ਮਈ ਨੂੰ ਵਿਰੋਧ ਵਜੋਂ ਪੰਜਾਬ ਦੇ 27 ਹਜ਼ਾਰ ਹੋਲਸੇਲ ਅਤੇ ਰਿਟੇਲ ਮੈਡੀਕਲ ਸਟੋਰਾਂ ਨੂੰ ਬੰਦ ਰੱਖਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਐਸੋਸੀਏਸ਼ਨ ਦੀਆਂ ਮੰਗਾਂ ਵੱਲ ਧਿਆਨ ਨਾਂ ਦਿੱਤਾ, ਤਾਂ ਅਗਲੀ ਮੀਟਿੰਗ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਜਨ ਔਸ਼ਧੀ ਮੈਡੀਕਲ ਸਟੋਰ ਹਨ ਭਾਰਤ ਸਰਕਾਰ ਵੱਲੋਂ ਇਨ੍ਹਾਂ ਸਟੋਰਾਂ 'ਤੇ ਜਨ ਔਸਧੀ ਦੀਆਂ ਦਵਾਈਆਂ ਵੇਚਣ ਦੀ ਹੀ ਪ੍ਰੋਵੀਜ਼ਨ ਦਿੱਤੀ ਗਈ ਹੈ ਜਦ ਕਿ ਇਹ ਜਨ ਔਸਧੀ ਸਟੋਰਾਂ ਦੇ ਮਾਲਕ ਜਨ ਔਸ਼ਧੀ ਦੀਆਂ ਦਵਾਈਆਂ ਤੋਂ ਬਿਨਾਂ ਵੀ ਬਹੁਤ ਸਾਰੇ ਮੈਡੀਕਲ ਪ੍ਰੋਡਕਟ ਸੇਲ ਕਰਦੇ ਹਨ। ਪੰਜਾਬ ਸਰਕਾਰ ਦੇ ਡਰੱਗ ਵਿਭਾਗ ਵੱਲੋਂ ਇਨ੍ਹਾਂ ਦੁਕਾਨਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਜਿਸ ਕਾਰਨ ਆਮ ਮੈਡੀਕਲ ਸਟੋਰਾਂ 'ਤੇ ਇਸ ਦਾ ਮਾਰੂ ਪ੍ਰਭਾਵ ਪੈਂਦਾ ਹੈ।
ਐਸੋਸੀਏਸ਼ਨ ਦੀਆਂ ਮੰਗਾਂ ਵਿਚ ਪੰਜਾਬ ਸਰਕਾਰ ਦੇ ਹੈਲਥ ਵਿਭਾਗ ਡਰੱਗ ਨੋਟੀਫਿਕੇਸ਼ਨ ਵਿੱਚ ਬਦਲਾ ਕਰਨਾ, ਜਨ-ਔਸ਼ਧੀ ਮੈਡੀਕਲ ਸਟੋਰਾਂ ਦੀ ਨਿਯਮਾਂ ਅਨੁਸਾਰ ਚੈਕਿੰਗ ਨਾ ਕਰਨਾ, ਪੰਜਾਬ ਭਰ ਦੇ ਡਰੱਗ ਸਟੋਰ ਮਾਲਕਾਂ ਦੇ ਫਾਰਮੇਸੀ ਦੇ ਲਾਇਸੈਂਸਾ ਨੂੰ ਪੰਜ-ਸੱਤ ਵਾਰੀ ਰੀਨਿਊ ਕਰਨ ਤੋਂ ਬਾਅਦ ਵੀ ਦੁਆਰਾ ਚੈੱਕ ਕਰਨ ਦੇ ਨਾਂ ਤੇ ਜਲੀਲ ਕਰਨਾ ਅਤੇ ਓਐਨਡੀਐਸ ਪੋਰਟਲ ਦੀਆਂ ਦਿੱਕਤਾਂ ਨੂੰ ਦੂਰ ਕਰਨਾ ਸ਼ਾਮਿਲ ਹੈ।
ਐਸੋਸੀਏਸ਼ਨ ਦੀਆਂ ਭਾਰਤ ਸਰਕਾਰ ਤੋਂ ਮੰਗਾਂ ਵਿਚ ਬਿਨ੍ਹਾਂ ਡਾਕਟਰ ਦੀ ਪਰਚੀ ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਰੋਕਣਾ, ਨਕਲੀ ਦਵਾਈਆਂ ਦੀ ਵਿਕਰੀ ਤੇ ਸਖਤ ਕਾਰਵਾਈ ਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਬੰਦ ਕਰਨਾ ਸ਼ਾਮਿਲ ਹੈ।
ਮਰੀਜ਼ਾਂ ਦੀ ਸਿਹਤ 'ਤੇ ਪਵੇਗਾ ਮਾੜਾ ਪ੍ਰਭਾਵ
ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਚਾਵਲਾ ਅਤੇ ਪ੍ਰਧਾਨ ਸੁਰਿੰਦਰ ਦੁਗਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਪੰਜਾਬ ਦੇ ਉਨ੍ਹਾਂ ਸਾਰੇ ਮਰੀਜ਼ਾਂ ਤੋਂ ਮਾਫ਼ੀ ਮੰਗਣ ਲਈ ਮਜਬੂਰ ਹਨ ਜਿਨ੍ਹਾਂ ਦੀ 20 ਮਈ ਨੂੰ ਦੁਕਾਨਾਂ ਬੰਦ ਹੋਣ ਤੋਂ ਬਾਅਦ ਸਿਹਤ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਮਰੀਜ਼ ਦੀ ਸਿਹਤ ਵਿਗੜਦੀ ਹੈ ਜਾਂ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ।
ਇਸ ਮੌਕੇ ਅਸ਼ੋਕ ਡਾਬਰ, ਐਚ ਕੇ ਗਰੋਵਰ, ਨਿਸ਼ਾਤ ਅਰੋੜਾ, ਰਜੇਸ਼ ਗਰੋਵਰ, ਅਸ਼ੋਕ ਵਾਲੀਆ, ਰਾਜੀਵ ਜੈਨ, ਅਸ਼ੋਕ ਕਾਲੀ, ਸੁਖਬੀਰ ਸਿੰਘ, ਸ਼ਸ਼ੀ ਕੁਮਾਰ, ਨਰੇਸ਼ ਜਿਦਲ, ਰੰਗਨ ਕਪੂਰ, ਮਨੋਰੰਜਨ ਕਾਲੀਆ, ਰਾਕੇਸ਼ ਅਗਰਵਾਲ ਸਤਿਸ ਕਪੁਰ, ਵਿਨੇ ਰਾਵਲ, ਮਨੀਸ਼ ਅਰੋੜਾ, ਰੁਪਿੰਦਰ ਗੁਪਤਾ, ਲਵਲੀ ਡਾਬਰ, ਰਜੀਵ ਕੁਮਾਰ, ਰਾਜੇਸ਼ ਮਹਾਜਨ, ਅਜੇ ਬਾਂਸਲ, ਸੁਮੀਤ ਕੁਮਾਰ, ਰਵਿੰਦਰ ਕੁਮਾਰ, ਅਸ਼ਵਨੀ ਕੁਮਾਰ, ਬਾਲ ਕ੍ਰਿਸ਼ਨ, ਬਿਪਨ ਗੁਪਤਾ, ਰਾਜੇਸ਼ ਸੋਹੀ, ਰਜੇਸ਼ ਕਪੂਰ, ਸੰਜੇ ਸਹਿਗਲ, ਬਾਲ ਕ੍ਰਿਸ਼ਨਾ, ਸੰਨਜਾ ਕੁਮਾਰ, ਵਿਪਨ, ਰਾਜ ਕੁਮਾਰ, ਸੰਜੇ ਸਹਿਗਲ ਤੋਂ ਇਲਾਵਾ ਐਸੋਸੀਏਸ਼ਨ ਦੇ ਹੋਰ ਆਗੂ ਹਾਜ਼ਰ ਸਨ।