ਪੰਜਾਬ ਸਰਕਾਰ ਸੁਸਾਇਟੀਆਂ ’ਚ ਸਾਉਣੀ ਦੇ ਵਧਾਏ ਹੱਦ ਕਰਜ਼ੇ ਨੂੰ ਅਮਲੀ ਰੂਪ ’ਚ ਲਾਗੂ ਕਰਵਾਏ : ਦਸਮੇਸ਼ ਯੂਨੀਅਨ
ਪੰਜਾਬ ਸਰਕਾਰ ਸੁਸਾਇਟੀਆਂ ’ਚ ਸਾਉਣੀ ਦੇ ਵਧਾਏ ਹੱਦ ਕਰਜ਼ੇ ਨੂੰ ਅਮਲੀ ਰੂਪ ’ਚ ਲਾਗੂ ਕਰਵਾਏ - ਦਸਮੇਸ਼ ਯੂਨੀਅਨ
Publish Date: Wed, 06 May 2026 07:51 PM (IST)
Updated Date: Thu, 07 May 2026 04:12 AM (IST)

-10 ਮੀਟਿੰਗ ਦੀ ਜਾਣਕਾਰੀ ਦੇਣ ਸਮੇਂ ਆਗੂ ਜਸਦੇਵ ਲਲਤੋਂ ਸਾਥੀਆਂ ਨਾਲ। ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ ਮੁੱਲਾਂਪੁਰ ਦਾਖਾ : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕੋਆਪਰੇਟਿਵ ਸੁਸਾਇਟੀਆਂ ’ਚ ਲਾਗੂ ਹੋਣ ਵਾਲੇ ਸਾਉਣੀ ਦੀ ਫਸਲ ਦੇ ਹੱਦ ਕਰਜ਼ੇ ਦੇ ਭਖਦੇ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ ਤਲਵੰਡੀ, ਜੱਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਅਤੇ ਸੋਹਣ ਸਿੰਘ ਸਵੱਦੀ ਨੇ ਵਿਚਾਰਾਂ ਰਾਹੀਂ ਸੁਝਾਅ ਪੇਸ਼ ਕੀਤੇ। ਇਸ ਉਪਰੰਤ ਸਰਬਸੰਮਤੀ ਨਾਲ ਇੱਕ ਮਤੇ ਰਾਹੀਂ 2019 ਤੋਂ ਸੱਤ ਸਾਲ ਬਾਅਦ ਵਧੀ ਮਹਿੰਗਾਈ ਦੇ ਆਧਾਰ ’ਤੇ ਕੋਆਪਰੇਟਿਵ ਸੁਸਾਇਟੀਆਂ ’ਚ ਸਾਉਣੀ ਦੀ ਝੋਨੇ ਦੀ ਫਸਲ ਸਬੰਧੀ ਹੱਦ ਕਰਜ਼ਾ 25440 ਰੁ: ਪ੍ਰਤੀ ਏਕੜ ਤੋਂ ਵਧਾ ਕੇ ਪੰਜਾਬ ਸਰਕਾਰ ਨੇ 39000 ਰੁ: ਪ੍ਰਤੀ ਏਕੜ ਅਤੇ ਰੇਹ, ਸਪਰੇਅਰ ਕਰਨ ਦਾ 16000 ਰੁਪਏ ਤੋਂ ਵਧਾ ਕੇ 23000 ਰੁਪਏ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੂਜੇ ਪਾਸੇ ਕੇਂਦਰੀ ਏਜੰਸੀ ਨਬਾਰਡ ਵੱਲੋਂ ਪੰਜਾਬ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਲਿਮਿਟ ਵਧਾਉਣ ਦੀ ਬਜਾਏ ਘਟਾਉਣ ਕਰਕੇ ਕੋਆਪਰੇਟਿਵ ਸੁਸਾਇਟੀਆਂ ਦੇ ਪ੍ਰਬੰਧਕ ਅਤੇ ਮੁਲਾਜ਼ਮ ਕਿਸਾਨਾਂ ਨੂੰ ਨਵੇਂ ਹੱਦ ਕਰਜ਼ੇ ਦੀ ਅਦਾਇਗੀ ਨਹੀਂ ਕਰ ਰਹੇ। ਜੱਥੇਬੰਦੀ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਹ ਨਬਾਰਡ ਪਾਸੋਂ ਲੋੜੀਦੇ ਸਰਮਾਏ ਦਾ ਪ੍ਰਬੰਧ ਯਕੀਨੀ ਬਣਵਾਉਣ ਲਈ ਢੁਕਵੀਂ ਸਰਕਾਰੀ ਕਾਰਵਾਈ ’ਤੇ ਚਾਰਾਜੋਈ ਤੇਜ ਕਰਕੇ ਬਿਨਾਂ ਕਿਸੇ ਦੇਰੀ ਤੋਂ ਆਪਦੇ ਨੋਟੀਫਿਕੇਸ਼ਨ ਨੂੰ ਫੌਰੀ ਅਮਲੀ ਰੂਪ ’ਚ ਲਾਗੂ ਕਰਵਾਏ ਤਾਂ ਜੋ ਖੇਤੀ ਕਾਰਜਾਂ ਅਤੇ ਕਿਸਾਨੀ ਸਿਰ ਖੜ੍ਹੇ ਸੰਕਟ ਨੂੰ ਸਮੇਂ ਸਿਰ ਨਜਿੱਠਿਆ ਜਾ ਸਕੇ। ਅਜਿਹਾ ਨਾਂ ਹੋਇਆ ਤਾਂ ਕਿਸਾਨ-ਮਜ਼ਦੂਰ ਮੋਰਚਾ ਪੰਜਾਬ ਸਮੇਤ, ਪੰਜਾਬ ਦੀਆਂ ਸਮੂਹ ਕਿਸਾਨ- ਮਜ਼ਦੂਰ ਜਥੇਬੰਦੀਆਂ ਹੱਕੀ ਸੰਘਰਸ਼ ਦਾ ਐਲਾਨ ਕਰਨ ਲਈ ਮਜ਼ਬੂਰ ਹੋਣਗੀਆਂ। ਜਿਸ ਦੀ ਜਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਸਿਰ ਹੋਵੇਗੀ। ਮੀਟਿੰਗ ’ਚ ਗੁਰਦੇਵ ਸਿੰਘ ਢੱਟ, ਗੁਰਦੀਪ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਲਛਮਣ ਸਿੰਘ ਸਿੱਧਵਾਂ, ਤੇਜਿੰਦਰ ਸਿੰਘ ਵਿਰਕ, ਅਮਰਜੀਤ ਸਿੰਘ ਖੰਜਰਵਾਲ, ਨਿਰਭੈ ਸਿੰਘ ਤਲਵੰਡੀ ਤੇ ਕੁਲਦੀਪ ਸਿੰਘ ਸਵੱਦੀ ਸ਼ਾਮਲ ਹੋਏ।