ਪਿੰਡੀ ਗਲੀ ਦੀਆਂ ਸਾਰੀਆਂ ਦੁਕਾਨਾਂ ਅੱਜ ਰਹਿਣਗੀਆਂ ਬੰਦ : ਚਾਵਲਾ
ਮੰਗਾਂ ਲਈ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਭਰ ਦੇ ਮੈਡੀਕਲ ਸਟੋਰ ਬੰਦ ਕਰਨ ਦਾ ਦਿੱਤਾ ਸੱਦਾ
Publish Date: Tue, 19 May 2026 09:52 PM (IST)
Updated Date: Wed, 20 May 2026 04:13 AM (IST)
-ਮੰਗਾਂ ਲਈ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਭਰ ਦੇ ਮੈਡੀਕਲ ਸਟੋਰ ਬੰਦ ਕਰਨ ਦਾ ਦਿੱਤਾ ਸੱਦਾ
-ਮਰੀਜ਼ਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਐਸੋਸੀਏਸ਼ਨ ਨੇ ਜਾਰੀ ਕੀਤੇ ਨੰਬਰ
---
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਪੰਜਾਬ ਭਰ ਦੇ ਹੋਲਸੇਲ ਅਤੇ ਰਟੇਲ ਮੈਡੀਕਲ ਸਟੋਰ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਚਾਵਲਾ ਨੇ ਦੱਸਿਆ ਕਿ ਪੰਜਾਬ ਵਿੱਚ ਦਵਾਈਆਂ ਦੀ ਮੰਡੀ ਵਜੋਂ ਮਸ਼ਹੂਰ ਪਿੰਡੀ ਸਟਰੀਟ ਹੜਤਾਲ ਕਾਰਨ ਮੁਕੰਮਲ ਤੌਰਤੇ ਬੰਦ ਰਹੇਗੀ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਦਿਨੀਂ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਲੁਧਿਆਣਾ ਦੇ ਇੱਕ ਹੋਟਲ ਵਿੱਚ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਪੰਜਾਬ ਦੇ 23 ਜਿਲਿਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਸੀ। ਜਿਸ ਵਿੱਚ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।
ਜੀਐਸ ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪੰਜਾਬ ਭਰ ਦੇ 27 ਹਜ਼ਾਰ ਮੈਡੀਕਲ ਸਟੋਰ ਮਾਲਕਾਂ ਨਾਲ ਧੱਕੇਸ਼ਾਹੀਆਂ ਕਰ ਰਹੀ ਹੈ, ਜੇਕਰ ਸਰਕਾਰਾਂ ਨੇ ਇਹ ਧੱਕੇਸ਼ਾਹੀਆਂ ਬੰਦ ਨਾ ਕੀਤੀ ਅਤੇ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਚਾਵਲਾ ਨੇ ਦੱਸਿਆ ਕਿ ਅੱਜ ਪੰਜਾਬ ਭਰ ਦੇ ਮੈਡੀਕਲ ਸਟੋਰਾਂ ਨੂੰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਐਸੋਸੀਏਸ਼ਨ ਵੱਲੋਂ ਮਰੀਜ਼ਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਦੋ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।
---
ਕੈਮਿਸਟਾਂ ਦੀਆਂ ਇਹ ਹਨ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਾਂ
ਪੰਜਾਬ ਸਰਕਾਰ ਦੇ ਹੈਲਥ ਵਿਭਾਗ ਡਰੱਗ ਨੋਟੀਫਿਕੇਸ਼ਨ ਵਿੱਚ ਬਦਲਾਅ ਕਰਨਾ।
ਜਨ-ਔਸ਼ਧੀ ਦੇ ਮੈਡੀਕਲ ਸਟੋਰਾਂ ਉੱਤੇ ਛਾਪੇਮਾਰੀ ਨਾ ਕਰ ਕੇ ਅਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ।
ਪੰਜਾਬ ਭਰ ਦੇ ਡਰੱਗ ਸਟੋਰ ਮਾਲਕਾਂ ਦੇ ਫਾਰਮੇਸੀ ਦੇ ਲਾਇਸੈਂਸਾਂ ਨੂੰ ਪੰਜ-ਸੱਤ ਵਾਰੀ ਰੀਨਿਊ ਕਰਨ ਤੋਂ ਬਾਅਦ ਵੀ ਦੁਆਰਾ ਚੈੱਕ ਕਰਨ ਦੇ ਨਾਂ ਤੇ ਜਲੀਲ ਕਰਨਾ।
ਓਐਨਡੀਐਸ ਪੋਰਟਲ ਦੀਆਂ ਦਿੱਕਤਾਂ ਨੂੰ ਦੂਰ ਕਰਨਾ।
ਆਨਲਾਈਨ ਦਵਾਈਆਂ ਦੀ ਵਿੱਕਰੀ ’ਤੇ ਤੁਰੰਤ ਰੋਕ।
ਨਕਲੀ ਦਵਾਈਆਂ ਦੀ ਵਿੱਕਰੀ ’ਤੇ ਕਾਰਵਾਈ।
ਕਾਰਪੋਰੇਟ ਕੰਪਨੀਆਂ ਦੀਆਂ ਮਨਆਈਆਂ ਬੰਦ ਕੀਤੀਆਂ ਜਾਣ।