ਸੜਕ ਦੀ ਮੁਰੰਮਤ ਲਈ ਹਰਕਤ 'ਚ ਆਇਆ ਲੋਕ ਨਿਰਮਾਣ ਵਿਭਾਗ
ਸੜਕ ਦੀ ਮੁਰੰਮਤ ਲਈ ਹਰਕਤ 'ਚ ਆਇਆ ਲੋਕ ਨਿਰਮਾਣ ਵਿਭਾਗ
Publish Date: Sat, 25 Apr 2026 08:25 PM (IST)
Updated Date: Sun, 26 Apr 2026 04:20 AM (IST)

ਖ਼ਬਰ ਦਾ ਅਸਰ ਤਰੇੜਾਂ ਵਾਲੀ ਸੜਕ ਪੁੱਟ ਕੇ ਨਵੇਂ ਸਿਰਿਓਂ ਲਗਾਇਆ ਪੈਚਵਰਕ। ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਪੰਜਾਬ ਨੂੰ ਜੰਮੂ ਕਸ਼ਮੀਰ ਨਾਲ ਜੋੜਨ ਵਾਲੀ ਕੌਮੀ ਡਿਫੈਂਸ ਰੋਡ ਵਜੋਂ ਪ੍ਰਸਿੱਧ ਖੰਨਾ ਸਮਰਾਲਾ ਸੜਕ ਜੋ ਕਿ ਦੋ ਕੁ ਮਹੀਨੇ ਪਹਿਲਾਂ ਹੀ ਨਵੀਂ ਬਣਾਈ ਗਈ ਸੀ ਪਰ ਇਸ ਨਵੀਂ ਬਣਾਈ ਗਈ ਸੜਕ ’ਚ ਪਿੰਡ ਉਟਾਲਾਂ ਦੇ ਸੈਕਰਡ ਹਾਰਟ ਸਕੂਲ ਕੋਲੋਂ ਕਾਫੀ ਜਗ੍ਹਾ ਤੋਂ ਤਰੇੜਾਂ ਪੈ ਗਈਆਂ ਸੀ। ਤਰੇੜਾਂ ਪੈਣ ਨਾਲ ਨਵੀਂ ਬਣਾਈ ਗਈ ਸੜਕ ਕਈ ਪਾਸਿਓਂ ਦੱਬ ਵੀ ਗਈ ਸੀ, ਜਿਸ ਕਰਕੇ ਇਥੋਂ ਹਨੇਰੇ ਸਵੇਰੇ ਲੰਘਣ ਵਾਲੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਦੋਪਹੀਆ ਸਵਾਰ ਹਾਦਸਿਆਂ ਦਾ ਸ਼ਿਕਾਰ ਬਣ ਕੇ ਸੱਟਾਂ ਵੀ ਲੁਆ ਚੁਕੇ ਸਨ। ਮਾਈਂਡ ਮੇਕਰ ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਮਾਣਕੀ, ਸਾਬਕਾ ਚੇਅਰਮੈਨ ਬਹਾਦਰ ਸਿੰਘ ਮਾਣਕੀ, ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਦਲੀਪ ਸਿੰਘ ਸੋਹੀ ਅਤੇ ਹੋਰ ਅਨੇਕਾਂ ਇਲਾਕਾ ਵਾਸੀਆਂ ਵੱਲੋਂ ਇਹ ਲੋਕ ਮਸਲਾ ਹੱਲ ਕਰਵਾਉਣ ਲਈ ਪੰਜਾਬੀ ਜਾਗਰਨ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ ਸੀ ਜਿਸ ਮਗਰੋਂ 20 ਅਪ੍ਰੈਲ ਨੂੰ ਇਸ ਸੜਕ ਦੇ ਸਬੰਧ ਵਿੱਚ ਪੰਜਾਬੀ ਜਾਗਰਣ ਵਿਚ ਇਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਮਲਜੀਤ ਸਿੰਘ ਨਾਲ ਗੱਲਬਾਤ ਕਰ ਕੇ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਵੱਲੋਂ ਇਸ ਦਾ ਹੱਲ ਜਲਦੀ ਤੋਂ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਲੋਕ ਨਿਰਮਾਣ ਵਿਭਾਗ ਵੱਲੋਂ 23 ਅਪ੍ਰੈਲ ਨੂੰ ਇਸ ਸੜਕ ਦੀ ਮੁਰੰਮਤ ਕਰਨ ਲਈ ਆਪਣਾ ਮਸ਼ੀਨਰੀ ਅਮਲਾ ਭੇਜ ਦਿੱਤਾ ਗਿਆ ਸੀ, ਜਿਨ੍ਹਾਂ ਨੇ ਤਰੇੜਾਂ ਵਾਲੀ ਸੜਕ ਨੂੰ ਪੁੱਟ ਕੇ ਦੁਬਾਰਾ ਨਵੇਂ ਸਿਰਿਓ ਮਟੀਰੀਅਲ ਤੇ ਲੁਕ ਪਾ ਕੇ ਨਵਾਂ ਪੈਚਵਰਕ ਲਗਾ ਦਿੱਤਾ। ਸਥਾਨਕ ਇਲਾਕਾ ਵਾਸੀਆਂ ਵੱਲੋਂ ਇਸ ਲੋਕ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ‘ਪੰਜਾਬੀ ਜਾਗਰਣ’ ਦਾ ਧੰਨਵਾਦ ਕੀਤਾ ਗਿਆ। ਸਥਾਨਕ ਲੋਕਾਂ ਨੇ ਇਹ ਮੰਗ ਵੀ ਕੀਤੀ ਕਿ ਬਾਕੀ ਰਹਿੰਦੀ ਹੋਈ ਸੜਕ ਦੀ ਮੁਰੰਮਤ ਵੀ ਜਲਦੀ ਤੋਂ ਜਲਦੀ ਕਰਵਾਈ ਜਾਵੇ ਤਾਂ ਕਿ ਨਿੱਤ ਦੇ ਲੰਘਣ ਵਾਲੇ ਰਾਹਗੀਰਾਂ ਦਾ ਜਾਨਲੇਵਾ ਹਾਦਸਿਆਂ ਤੋਂ ਬਚਾਅ ਹੋ ਸਕੇ।