ਜਨਤਕ ਜਥੇਬੰਦੀਆਂ ਨੇ ਸ਼ਹੀਦ ਸੁਖਦੇਵ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ
ਜਨਤਕ ਜਥੇਬੰਦੀਆਂ ਨੇ ਸ਼ਹੀਦ ਸੁਖਦੇਵ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Sat, 16 May 2026 06:37 PM (IST)
Updated Date: Sat, 16 May 2026 06:39 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਜਨਤਕ ਜਥੇਬੰਦੀਆਂ ਨੇ ਅੰਗਰੇਜ਼ੀ ਰਾਜ ਦੇ ਖਾਤਮੇ ਲਈ ਆਪਣਾ ਆਪ ਵਾਰਨ ਵਾਲੇ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਨੂੰ ਸਮਰਪਿਤ ਸਮਾਗਮ ਕਰਵਾਇਆ। ਇਸ ਦਿਨ ਸ਼ਹੀਦ ਦੀ ਜਨਮ ਸਥਲੀ ਮੁੱਹਲਾ ਨੌਘਰਾ ਵਿਖੇ ਸ਼ਹੀਦ ਸੁਖਦੇਵ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਨੇ ਹੋਰ ਜਨਤਕ ਜਮਹੂਰੀ, ਤਰਕਸ਼ੀਲ ਜੱਥੇਬੰਦੀਆਂ ਦੇ ਸਹਿਯੋਗ ਨਾਲ ਯਾਦਗਾਰੀ ਮਾਰਚ ਕਰਦਿਆਂ ਮੁੱਹਲਾ ਨੌਘਰਾ ਪੁੱਜੇ। ਜਥੇਬੰਦੀਆਂ ਦੇ ਕਾਰਕੁਨਾਂ ਨੇ ਚੋੜਾ ਬਾਜ਼ਾਰ ਤੋਂ ਮੁੱਹਲਾ ਨੌਘਰਾ ਤੱਕ ਝੰਡਿਆਂ ਬੈਨਰਾਂ ਨਾਲ ਲੈਸ ਹੋ ਕੇ ਮਾਰਚ ਕੀਤਾ। ਤੇਈ ਮਾਰਚ 1931 ਨੂੰ ਫਾਂਸੀ ਚੜ ਕੁਰਬਾਨ ਹੋਣ ਵਾਲੇ ਸ਼ਹੀਦ ਸਾਡਾ ਸਰਮਾਇਆ ਹਨ, ਪ੍ਰੇਰਨਾ ਸਰੋਤ ਹਨ। ਸ਼ਹੀਦ ਸੁਖਦੇਵ ਦੀ ਜਨਮਸਥਲੀ ਅੱਜ ਵੀ ਸੰਸਾਰ ਭਰ ਵਿੱਚ ਸਾਮਰਾਜ ਖਿਲਾਫ਼ ਚੱਲ ਰਹੀ ਜਦੋ ਜਹਿਦ ਲਈ ਚਮਕਦਾ ਰਾਹ ਦਸੇਰਾ ਹੈ। ਇਹ ਵਿਚਾਰ ਸ਼ਹੀਦ ਨੂੰ ਸਿਜਦਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਹੇ। ਉਂਨ੍ਹਾਂ ਕਿਹਾ ਕਿ ਸ਼ਹੀਦ ਸੁਖਦੇਵ ਨੇ ਇਸ ਕਰਕੇ ਕੁਰਬਾਨੀ ਨਹੀਂ ਸੀ ਦਿੱਤੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਲੋਕ ਗਰੀਬੀ ਭੁੱਖਮਰੀ ਨਾਲ ਘੁਲਦੇ ਰਹਿਣ। ਬਲਾਤਕਾਰ, ਜਬਰ ਜਨਾਹ ਆਮ ਵਰਤਾਰਾ ਬਣ ਜਾਵੇ। ਇਸ ਸਮੇਂ ਬੋਲਦਿਆਂ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਸੁਖਦੇਵ ਦਾ ਸੁਪਨਾ ਲੁੱਟ ਰਹਿਤ ਸਮਾਜ ਤੇ ਰਾਜ ਦੀ ਸਥਾਪਨਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਮਹਿੰਗਾਈ ਲੱਕ ਤੋੜ ਵੱਧ ਰਹੀ ਹੈ। ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ ਚ ਬੋਲਣ ਵਾਲੇ ਆਗੂਆਂ, ਬੁਧੀਜੀਵੀਆਂ ‘ਤੇ ਯੋਗੀ ਸਰਕਾਰ ਵਲੋਂ ਕੋਮੀ ਸੁਰੱਖਿਆ ਕਾਨੂੰਨ ਜਿਹੇ ਕਾਲੇ ਕਾਨੂੰਨ ਮੜ ਕੇ ਜ਼ੇਲ੍ਹ ‘ਚ ਬੰਦ ਕੀਤਾ ਹੈ ਜਿਹਨਾਂ ਵਿੱਚ ਸਤਿਅਮ ਵਰਮਾ ਅਤੇ ਆਕ੍ਰਿਤੀ ਚੌਧਰੀ ਤਿੰਨ ਸੋ ਮਜ਼ਦੂਰਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਭਾਜਪਾ ਨੇ ਦੇਸ਼ ਚ ਅਣ ਐਲਾਨੀ ਐਮਰਜੈਂਸੀ ਲਾ ਰੱਖੀ ਹੈ। ਬੰਗਾਲ ‘ਚ ਭਾਜਪਾਈ ਫਾਸ਼ੀਵਾਦ ਸਿਰ ਚੜ ਕੇ ਬੋਲਿਆ ਹੈ। ਉਨ੍ਹਾਂ ਪੋਟਰੋਲ ਡੀਜਲ, ਹਰ ਤਰ੍ਹਾਂ ਦੀ ਗੈਸ ਦੇ ਰੇਟਾਂ ਚ ਵਾਧੇ ਦੀ ਆਲੋਚਨਾ ਕਰਦਿਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉੱਘੇ ਸਮਾਜ ਚਿੰਤਕ ਬਲਕੌਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਪ੍ਰਸਿੱਧ ਰੰਗਕਰਮੀ ਤਰਲੋਚਨ ਸਿੰਘ ਦੀ ਨਿਰਦੇਸ਼ਨਾ ਹੇਠ ਡਾ. ਸਵਰਾਜਬੀਰ ਦਾ ਸੋਲੋ ਨਾਟਕ ਖੈਡ ਕੇ ਸਿਹਤ ਦੇ ਨਾਮ ਤੇ ਪੈ ਰਹੇ ਡਾਕਿਆਂ ਅਤੇ ਫੈਲੇ ਭ੍ਰਿਸ਼ਟਾਚਾਰ ਦਾ ਬਾਖੂਬੀ ਪਾਜ਼ ਉਘੇੜਿਆ। ਹਾਜ਼ਰ ਵਰਕਰਾਂ ਨੇ ਸ਼ਹੀਦ ਦੇ ਬੁੱਤ ਤੇ ਨਾਰਿਆਂ ਦੀ ਗੂੰਜ ‘ਚ ਫੁੱਲ ਪੱਤੀਆਂ ਭੇਟ ਕੀਤੀਆਂ। ਇਸ ਸਮੇਂ ਪਲਸ ਮੰਚ ਦੇ ਆਗੂ ਕਸਤੂਰੀ ਲਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਸੁਖਦੇਵ ਦੀ ਜਨਮ ਸਥਲੀ ਨੂੰ ਰਾਸ਼ਟਰੀ ਧਰੋਹਰ ਵਜੋਂ ਮਿਊਜੀਅਮ ਅਤੇ ਲਾਇਬਰੇਰੀ ਦਾ ਰੁਤਬਾ ਤੇ ਰੂਪ ਦਿੱਤਾ ਜਾਵੇ। ਇਸ ਸਮੇਂ ਰਬਿਤਾ ਨੇ ਕਵਿਤਾ ਕਹੀ। ਸਮਾਗਮ ਵਿੱਚ ਮੁਹੱਲਾ ਵਾਸੀਆਂ ਨੇ ਬਲਵੀਰ ਚੰਦ ਪਰਿਵਾਰ ਵੱਲੋਂ ਮਨੀਸ਼ਾ, ਰਾਜ ਰਾਣੀ ਨੇ ਭਾਗ ਲਿਆ ਅਤੇ ਪਾਣੀ ਅਤੇ ਲੱਡੂਆਂ ਦੀ ਸੇਵਾ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ ਨੇ ਸਟੇਜ ਸੰਚਾਲਨ ਕਰਦਿਆਂ ਮੰਗ ਕੀਤੀ ਕਿ ਜਨਮ ਦਿਨ ਤੇ ਇਹ ਘਰ ਚੋਵੀ ਘੰਟੇ ਖੁੱਲ੍ਹਾ ਰੱਖਿਆ ਜਾਵੇ। ਉਨ੍ਹਾਂ ਅੱਜ ਵਿਸ਼ੇਸ਼ ਦਿਨ ਤੇ ਵੀ ਸ਼ਹੀਦ ਦੇ ਘਰ ਨੂੰ ਤਾਲਾ ਲੱਗਾ ਹੋਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮਾਮਲੇ ਦਾ ਸਖ਼ਤ ਨੋਟਿਸ ਲੈਣ ਦੀ ਮੰਗ ਕੀਤੀ। ਇਸ ਸਮੇਂ ਤਰਕਸ਼ੀਲ ਸੁਸਾਇਟੀ, ਜਮਹੂਰੀ ਅਧਿਕਾਰ ਸਭਾ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ, ਮਹਾਂ ਸਭਾ ਲੁਧਿਆਣਾ, ਵੱਲੋਂ ਬਲਵਿੰਦਰ ਸਿੰਘ, ਸਤੀਸ਼ ਸੱਚਦੇਵਾ, ਅਰੁਣ ਕੁਮਾਰ, ਰਾਕੇਸ਼ ਆਜ਼ਾਦ, ਜਗਜੀਤ ਸਿੰਘ,ਅਜਮੇਰ ਦਾਖਾ, ਕਲਪਨਾ ਸਮੇਤ ਮਜ਼ਦੂਰ ਆਗੂ ਵਿਜੈ ਨਾਰਾਇਣ, ਡੀਟੀਐਫ ਆਗੂ ਬਲਬੀਰ ਬਾਸੀ, ਹਰਦੇਵ ਮੁਲਾਂਪੁਰ, ਮਦਨ ਸਿੰਘ, ਸਤਪਾਲ ਸਿੰਘ, ਡਾ. ਸੁਰਜੀਤ ਸਿੰਘ, ਹਰਜਿੰਦਰ ਕੌਰ, ਹਰਸਾ ਸਿੰਘ, ਹਿੰਮਤ ਸਿੰਘ, ਹਰਮਨ ਆਦਿ ਹਾਜ਼ਰ ਸਨ।