ਔਰਤ ਨਾਲ ਦਰਿੰਦਗੀ ਕਰਨ ਵਾਲੇ ਨੂੰ ਲੋਕਾਂ ਨੇ ਫੜ ਕੇ ਸਿਖਾਇਆ ਸਬਕ
ਪਬਲਿਕ ਦਾ ਇਨਸਾਫ, ਖੁਦ ਹੀ ਲਿਆ ਕਾਨੂੰਨ ਨੂੰ ਹੱਥ ਵਿੱਚ
Publish Date: Wed, 29 Apr 2026 09:52 PM (IST)
Updated Date: Wed, 29 Apr 2026 09:55 PM (IST)

- ਮੂੰਹ ਕਾਲਾ ਕਰ ਕੇ ਚੱਪਲਾਂ ਪਾ ਕੇ ਕੀਤਾ ਪੁਲਿਸ ਹਵਾਲੇ - ਕਾਨੂੰਨ ਨੂੰ ਹੱਥ ’ਚ ਲੈ ਕੇ ਇਨਸਾਫ਼ ਕਰਦੇ ਹੋਏ ਲੋਕ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਔਰਤ ਨਾਲ ਹੋਈ ਦਰਿੰਦਗੀ ਦੇ ਮਾਮਲੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਔਰਤ ਕਵਿਤਾ ਚੌਧਰੀ ਨਾਲ ਉਸ ਦੇ ਸਾਥੀ ਆਨੰਦ ਚੌਧਰੀ ਵੱਲੋਂ ਕੀਤੀ ਗਈ ਬੇਹੱਦ ਸ਼ਰਮਨਾਕ ਅਤੇ ਹਿੰਸਕ ਕਰਤੂਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਗੁੱਸਾ ਪੈਦਾ ਹੋ ਗਿਆ ਸੀ। ਮਾਮਲੇ ਵਿੱਚ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਕਈ ਦਿਨਾਂ ਤੋਂ ਫ਼ਰਾਰ ਚੱਲ ਰਿਹਾ ਮੁਲਜ਼ਮ ਬੁੱਧਵਾਰ ਨੂੰ ਮੁੜ ਆਪਣੇ ਘਰ ਆਇਆ ਅਤੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਗੁੱਸੇ ਵਿੱਚ ਆਏ ਇਲਾਕਾ ਵਾਸੀਆਂ ਨੇ ਮੁਲਜ਼ਮ ਨਾਲ ਸਖ਼ਤ ਵਤੀਰਾ ਅਪਣਾਇਆ। ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ, ਮੂੰਹ ਕਾਲਾ ਕੀਤਾ, ਉਸ ਦੇ ਵਾਲ ਕੱਟ ਦਿੱਤੇ ਅਤੇ ਉਸ ਨੂੰ ਚੱਪਲਾਂ ਪਾ ਕੇ ਸ਼ਰੇਆਮ ਬੇਇਜ਼ਤ ਕੀਤਾ। ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ। ਬਾਅਦ ਵਿੱਚ ਲੋਕਾਂ ਨੇ ਮੁਲਜ਼ਮ ਨੂੰ ਦੁਗਰੀ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਵੀਡੀਓ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਗੁੱਸੇ ਵਿੱਚ ਭਰੇ ਲੋਕ ਕਹਿ ਰਹੇ ਹਨ ਕਿ ਔਰਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਜਾਂ ਬੇਇਜ਼ਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਦੀ ਸ਼ੁਰੂਆਤ 21 ਅਪ੍ਰੈਲ ਨੂੰ ਹੋਈ ਸੀ, ਜਦੋਂ ਮੁਲਜ਼ਮ ਆਨੰਦ ਚੌਧਰੀ ਨਸ਼ੇ ਦੀ ਹਾਲਤ ਵਿੱਚ ਘਰ ਵਾਪਸ ਆਇਆ। ਔਰਤ ਕਵਿਤਾ ਚੌਧਰੀ ਵੱਲੋਂ ਉਸ ਨੂੰ ਸ਼ਰਾਬ ਪੀਣ ਤੋਂ ਰੋਕਣ ’ਤੇ ਉਹ ਗੁੱਸੇ ਵਿੱਚ ਆ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਪਹਿਲਾਂ ਟ੍ਰਿਮਰ ਨਾਲ ਔਰਤ ਦੇ ਵਾਲ ਕੱਟ ਕੇ ਉਸ ਦੀ ਬੇਇਜ਼ਤੀ ਕੀਤੀ ਅਤੇ ਫਿਰ ਲੋਹੇ ਦੀ ਰਾਡ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਬਾਂਹ ਟੁੱਟ ਗਈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੁਲਜ਼ਮ ਨੇ ਇਸ ਪੂਰੀ ਵਾਰਦਾਤ ਦੀ ਵੀਡੀਓ ਵੀ ਬਣਾਈ। ਘਟਨਾ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖ਼ਮੀ ਔਰਤ ਨੂੰ ਨੇੜਲੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਪੀੜਤ ਔਰਤ ਦੇ ਪਰਿਵਾਰਕ ਮੈਂਬਰ ਉਸ ਦੇ ਟੁੱਟੇ ਹੋਏ ਹੱਥ ਦੇ ਐਕਸ-ਰੇ ਵੀ ਦਿਖਾ ਰਹੇ ਹਨ, ਜਿਸ ਨਾਲ ਘਟਨਾ ਦੀ ਭਿਆਨਕਤਾ ਸਾਹਮਣੇ ਆ ਰਹੀ ਹੈ। ਪਿਛਲੇ ਪੰਜ ਦਿਨਾਂ ਤੋਂ ਪੂਰਾ ਇਲਾਕਾ ਮੁਲਜ਼ਮ ਦੀ ਭਾਲ ਵਿੱਚ ਸੀ ਅਤੇ ਆਖ਼ਿਰਕਾਰ ਲੋਕਾਂ ਨੇ ਹੀ ਉਸ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ਨੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕਾਂ ਵਿੱਚ ਗੁੱਸਾ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲ ਰਿਹਾ ਹੈ।