ਜਨਗਣਨਾ ਪ੍ਰੋਫਾਰਮੇ ’ਚ ਚੂੜਾ-ਭੰਗੀ ਸ਼ਬਦਾਵਲੀ ਦੀ ਵਰਤੋਂ ਵਿਰੁੱਧ ਪ੍ਰਦਰਸ਼ਨ
ਜਨਗਣਨਾ ਪ੍ਰੋਫਾਰਮੇ ’ਚ ਚੂੜਾ-ਭੰਗੀ ਸ਼ਬਦਾਵਲੀ ਦੀ ਵਰਤੋਂ ਵਿਰੁੱਧ ਪ੍ਰਦਰਸ਼ਨ
Publish Date: Mon, 04 May 2026 10:01 PM (IST)
Updated Date: Tue, 05 May 2026 04:18 AM (IST)

ਜਗਰਾਓਂ ’ਚ ਵਾਲਮੀਕਿ ਅਤੇ ਮਜ੍ਹਬੀ ਸਿੱਖ ਭਾਈਚਾਰੇ ’ਚ ਫੁੱਟਿਆ ਗੁੱਸਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਚ ਜਨਗਣਨਾ ਦੇ ਪ੍ਰੋਫਾਰਮੇ ਵਿਚ ਚੂੜਾ-ਭੰਗੀ ਸ਼ਬਦਾਵਲੀ ਦੀ ਵਰਤੋਂ ਦੇ ਵਿਰੋਧ ਵਿਚ ਅੱਜ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਹੋਇਆ। ਸੈਂਟਰਲ ਵਾਲਮੀਕਿ ਸਭਾ ਦੀ ਅਗਵਾਈ ਹੇਠ ਹੋਏ ਵਿਰੋਧ ਪ੍ਰਦਰਸ਼ਨ ਵਿਚ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ, ਉਥੇ ਇਸ ਮੁੱਦੇ ’ਤੇ ਚੁੱਪ ਬੈਠੇ ਭਾਈਚਾਰੇ ਦੇ ਵਿਧਾਇਕਾਂ, ਐੱਮਪੀਜ਼ ਅਤੇ ਆਗੂਆਂ ਖ਼ਿਲਾਫ਼ ਵੀ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਗੂੰਗੇ ਅਤੇ ਬਹਿਰੇ ਕਰਾਰ ਦਿੰਦਿਆਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਜਗਰਾਓਂ ਨਗਰ ਕੌਂਸਲ ਦੇ ਅੱਗੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਨਗਣਨਾ ਪ੍ਰੋਫਾਰਮੇ ਵਿਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾਲ ਵਾਲਮੀਕਿ ਅਤੇ ਮਜ੍ਹਬੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਿੱਧੀ ਠੇਸ ਪਹੁੰਚਾਈ ਗਈ ਹੈ। ਇਸ ਵਿਚ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਭਾਈਚਾਰੇ ਦੇ ਸੱਤਾ ਅਤੇ ਵਿਰੋਧੀ ਧਿਰ ਵਿਚ ਬੈਠੇ ਐੱਮਪੀ, ਐੱਮਐੱਲਏ ਦੀ ਚੁੱਪੀ ਉਨ੍ਹਾਂ ਨੂੰ ਅਪਮਾਨਿਤ ਕਰਨ ਵਿਚ ਹੋਰ ਤਿੱਖਾ ਦੁੱਖ ਦੇ ਰਹੀ ਹੈ। ਅਜਿਹੇ ਭਾਈਚਾਰੇ ਦੇ ਆਗੂਆਂ ਨੂੰ ਭਰੀ ਪੰਚਾਇਤ ਵਿਚ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰਾਂ ਦੀ ਚੁੱਪੀ ਕਾਰਨ ਹੀ ਭਾਈਚਾਰੇ ’ਤੇ ਇਸ ਤਰ੍ਹਾਂ ਦੇ ਅਪਮਾਨਿਤ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈਚਾਰੇ ਨਾਲ ਜੁੜੇ ਇਹ ਲੀਡਰ ਆਪਣੀ ਚੌਧਰਾਂ ਲਈ ਚੁੱਪ ਬੈਠ ਸਕਦੇ ਹਨ ਪਰ ਦੇਸ਼ ਦਾ ਵਾਲਮੀਕਿ ਅਤੇ ਮਜ੍ਹਬੀ ਸਿੱਖ ਭਾਈਚਾਰਾ ਚੁੱਪ ਨਹੀਂ ਬੈਠੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰੋਫਾਰਮੇ ਵਿਚ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦਾਂ ਨੂੰ ਤੁਰੰਤ ਨਾ ਹਟਾਇਆ ਗਿਆ ਤਾਂ ਤਿੱਖਾ ਸੰਘਰਸ਼ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇਗਾ, ਸਾਰਾ ਭਾਈਚਾਰਾ ਸੜਕਾਂ ’ਤੇ ਆ ਗਿਆ ਤਾਂ ਸਰਕਾਰ ਨੂੰ ਭੱਜਣਾ ਔਖਾ ਹੋ ਜਾਵੇਗਾ। ਉਨ੍ਹਾਂ ਅੱਜ ਦੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਭਾਈਚਾਰੇ ਨੂੰ ਇਸ ਮੁੱਦੇ ’ਤੇ ਇਕਮੰਚ ’ਤੇ ਇਕਜੁਟ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਭਾਜਪਾ ਆਗੂ ਅਤੇ ਸੈਂਟਰਲ ਵਾਲਮੀਕਿ ਸਭਾ ਦੇ ਗੇਜਾ ਰਾਮ, ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ, ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਰਾਜੇਸ਼ ਇੰਦਰ ਸਿੱਧੂ, ਮਹੇਸ਼ ਕੁਮਾਰ ਮੇਸ਼ੀ ਸਹੋਤਾ, ਦਵਿੰਦਰਜੀਤ ਸਿੱਧੂ, ਜਰਨੈਲ ਸਿੰਘ ਲੋਹਟ, ਰਿੰਪੀ ਲੱਧੜ, ਕੁਲਵੰਤ ਸਹੋਤਾ ਆਦਿ ਹਾਜ਼ਰ ਸਨ। ਅੱਜ ਦੇ ਰੋਸ ਪ੍ਰਦਰਸ਼ਨ ਉਪਰੰਤ ਵਾਲਮੀਕਿ ਅਤੇ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਤ ਜੱਥੇਬੰਦੀਆਂ ਦੇ 11 ਮੈਂਬਰੀ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਜਗਰਾਓਂ ਦੀ ਐੱਸਡੀਐੱਮ ਉਪਿੰਦਰਜੀਤ ਕੌਰ ਬਰਾੜ ਨੂੰ ਸੌਂਪਿਆ।