ਰਾਏਕੋਟ ਵਿਖੇ ਵਾਲਮੀਕਿ ਭਾਈਚਾਰੇ ਨੇ ਦਿੱਤਾ ਧਰਨਾ
ਜਨਗਣਨਾ ਫਾਰਮਾਂ ’ਚ ਵਾਲਮੀਕੀ ਸਮਾਜ ਲਈ ਵਰਤੀ ਭੱਦੀ ਸ਼ਬਦਾਵਲੀ ਖਿਲਾਫ਼ ਰੋਸ ਪ੍ਰਦਰਸ਼ਨ
Publish Date: Mon, 04 May 2026 08:15 PM (IST)
Updated Date: Tue, 05 May 2026 04:15 AM (IST)

ਜਨਗਣਨਾ ਫਾਰਮਾਂ ’ਚ ਵਾਲਮੀਕੀ ਸਮਾਜ ਲਈ ਵਰਤੀ ਭੱਦੀ ਸ਼ਬਦਾਵਲੀ ਖਿਲਾਫ਼ ਰੋਸ ਮੁਜ਼ਾਹਰਾ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਜਨਗਣਨਾ ਸਬੰਧੀ ਤਿਆਰ ਕੀਤੇ ਗਏ ਫਾਰਮਾਂ ਵਿੱਚ ਵਾਲਮੀਕਿ ਸਮਾਜ ਪ੍ਰਤੀ ਕਥਿਤ ਤੌਰ ’ਤੇ ਵਰਤੀ ਗਈ ਭੱਦੀ ਅਤੇ ਅਪਮਾਨਜਨਕ ਸ਼ਬਦਾਵਲੀ ਨੂੰ ਲੈ ਕੇ ਅੱਜ ਵਾਲਮੀਕਿ ਭਾਈਚਾਰੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਦੇ ਵਿਰੋਧ ਵਜੋਂ ਸਮਾਜ ਦੇ ਨੁਮਾਇੰਦਿਆਂ ਵੱਲੋਂ ਤਹਿਸੀਲ ਪ੍ਰਧਾਨ ਭਾਵਾਧਸ ਦਵਿੰਦਰ ਗਿੱਲ (ਬੌਬੀ) ਅਤੇ ਮੀਤ ਪ੍ਰਧਾਨ ਲਲਿਤ ਕੁਮਾਰ ਦੀ ਅਗਵਾਈ ਵਿੱਚ ਸਥਾਨਕ ਨਗਰ ਕੌਂਸਲ ਦਫ਼ਤਰ ਅਤੇ ਤਲਵੰਡੀ ਗੇਟ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜਨਗਣਨਾ ਦੇ ਫਾਰਮਾਂ ਵਿੱਚ ਵਾਲਮੀਕਿ ਸਮਾਜ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਫਾਰਮਾਂ ਵਿੱਚੋਂ ਤੁਰੰਤ ਭੱਦੀ ਸ਼ਬਦਾਵਲੀ ਵਾਲੇ ਕਾਲਮ ਹਟਾਏ ਜਾਣ। ਇਨ੍ਹਾਂ ਦੀ ਥਾਂ ਸਿਰਫ਼ ਵਾਲਮੀਕਿ ਸਮਾਜ’ ਹੀ ਲਿਖਿਆ ਜਾਵੇ। ਅਜਿਹੀ ਗਲਤੀ ਕਰਨ ਵਾਲੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨ ਤੋਂ ਬਾਅਦ ਵਾਲਮੀਕੀ ਸਮਾਜ ਦਾ ਇੱਕ ਵਫ਼ਦ ਤਹਿਸੀਲਦਾਰ ਰਾਏਕੋਟ ਰੇਸ਼ਮ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਫਾਰਮਾਂ ਵਿੱਚ ਜਲਦ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਡਾ ਸਮਾਜ ਆਪਣਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਨ੍ਹਾਂ ਫਾਰਮਾਂ ਵਿੱਚ ਸੋਧ ਕਰਕੇ ਸਿਰਫ ‘ਵਾਲਮੀਕਿ ਸਮਾਜ’ ਸ਼ਬਦ ਦੀ ਵਰਤੋਂ ਯਕੀਨੀ ਬਣਾਏ। ਇਸ ਮੌਕੇ ਵੱਡੀ ਗਿਣਤੀ ’ਚ ਸਮਾਜ-ਸੇਵੀ, ਧਾਰਮਿਕ ਆਗੂ ਅਤੇ ਵਾਲਮੀਕਿ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।