ਅੱਜ ਦੇ ਦੌਰ ਵਿੱਚ ਬੱਚਿਆਂ ‘ਤੇ ਪੜ੍ਹਾਈ ਅਤੇ ਚੰਗੇ ਨੰਬਰ ਲਿਆਉਣ ਦਾ ਦਬਾਅ ਇਸ ਕਦਰ ਵੱਧ ਚੁੱਕਾ ਹੈ ਕਿ ਨਾਕਾਮੀ ਦਾ ਇੱਕ ਝਟਕਾ ਵੀ ਕਈ ਵਾਰ ਉਹਨਾਂ ਲਈ ਜਾਨਲੇਵਾ ਸਾਬਤ ਹੋ ਜਾਂਦਾ ਹੈ । ਲੁਧਿਆਣਾ ਵਿੱਚ ਸਾਹਮਣੇ ਆਏ ਦੋ ਦਰਦਨਾਕ ਮਾਮਲਿਆਂ ਨੇ ਹਰ ਮਾਪੇ ਅਤੇ ਅਧਿਆਪਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਅੱਜ ਦੇ ਦੌਰ ਵਿੱਚ ਬੱਚਿਆਂ ‘ਤੇ ਪੜ੍ਹਾਈ ਅਤੇ ਚੰਗੇ ਨੰਬਰ ਲਿਆਉਣ ਦਾ ਦਬਾਅ ਇਸ ਕਦਰ ਵੱਧ ਚੁੱਕਾ ਹੈ ਕਿ ਨਾਕਾਮੀ ਦਾ ਇੱਕ ਝਟਕਾ ਵੀ ਕਈ ਵਾਰ ਉਹਨਾਂ ਲਈ ਜਾਨਲੇਵਾ ਸਾਬਤ ਹੋ ਜਾਂਦਾ ਹੈ । ਲੁਧਿਆਣਾ ਵਿੱਚ ਸਾਹਮਣੇ ਆਏ ਦੋ ਦਰਦਨਾਕ ਮਾਮਲਿਆਂ ਨੇ ਹਰ ਮਾਪੇ ਅਤੇ ਅਧਿਆਪਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅੱਠਵੀਂ ਅਤੇ ਨੌਵੀਂ ਜਮਾਤ ਦੇ ਰਿਜਲਟ ਵਿੱਚ ਫੇਲ ਹੋਣ ਤੋਂ ਬਾਅਦ ਦੋ ਨਾਬਾਲਿਗ ਧੀਆਂ ਨੇ ਐਸੇ ਖੌਫਨਾਕ ਕਦਮ ਚੁੱਕ ਲਏ ਕਿ ਦੋ ਪਰਿਵਾਰਾਂ ਦੀ ਦੁਨੀਆ ਉੱਜੜ ਗਈ । ਇੱਕ ਧੀ ਨੇ ਤੇਜ਼ਾਬ ਪੀ ਕੇ ਜਾਨ ਦੇ ਦਿੱਤੀ, ਜਦਕਿ ਦੂਜੀ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਅੱਠਵੀਂ ਵਿੱਚ ਫੇਲ ਹੋਣ ਦਾ ਸਦਮਾ ਨਾ ਸਹਾਰ ਸਕੀ ਮੁਸਕਾਨ, ਤੇਜ਼ਾਬ ਪੀ ਕੇ ਕੀਤੀ ਖੁਦਕੁਸ਼ੀ
ਪਹਿਲਾ ਮਾਮਲਾ ਥਾਣਾ ਦਰੇਸੀ ਇਲਾਕੇ ਨਾਲ ਸੰਬੰਧਿਤ ਹੈ। ਪੁਲਿਸ ਮੁਤਾਬਕ 16 ਸਾਲਾ ਮੁਸਕਾਨ ਕੁਮਾਰੀ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਧੀ ਸੀ ਅਤੇ ਉਸਦੇ ਪਿਤਾ ਈਸ਼ਵਰ ਪਾਸਵਾਨ ਦਿਹਾੜੀ-ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਕੁਝ ਦਿਨ ਪਹਿਲਾਂ ਹੀ ਅੱਠਵੀਂ ਜਮਾਤ ਦਾ ਨਤੀਜਾ ਆਇਆ ਸੀ, ਜਿਸ ਵਿੱਚ ਮੁਸਕਾਨ ਫੇਲ੍ਹ ਹੋ ਗਈ ਸੀ।
ਨਤੀਜੇ ਤੋਂ ਬਾਅਦ ਮੁਸਕਾਨ ਕਾਫੀ ਗੁੰਮਸੁਮ ਰਹਿਣ ਲੱਗ ਪਈ ਸੀ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸੀ ਜਾ ਰਹੀ ਸੀ। 26 ਮਈ ਦੀ ਸ਼ਾਮ ਉਸਨੇ ਘਰ ਵਿੱਚ ਹੀ ਤੇਜ਼ਾਬ ਪੀ ਲਿਆ। ਜਦੋਂ ਉਸਦੀ ਤਬੀਅਤ ਵਿਗੜੀ ਤਾਂ ਪਰਿਵਾਰਕ ਮੈਂਬਰ ਉਸਨੂੰ ਤੁਰੰਤ ਸੀਐਮਸੀ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਦੋ ਦਿਨਾਂ ਬਾਅਦ ਇਲਾਜ ਦੇ ਦੌਰਾਨ ਮੁਸਕਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਨੌਵੀਂ ਦਾ ਨਤੀਜਾ ਬਣਿਆ ਮੌਤ ਦਾ ਕਾਰਨ, ਸੁਹਾਨਾ ਨੇ ਲਾਇਆ ਫਾਹਾ
ਦੂਜਾ ਦਿਲ ਕੰਬਾਉਣ ਵਾਲਾ ਮਾਮਲਾ ਥਾਣਾ ਟਿੱਬਾ ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ਤੋਂ ਸਾਹਮਣੇ ਆਇਆ। ਇੱਥੇ 14 ਸਾਲਾ ਸੁਹਾਨਾ ਨੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸੁਹਾਨਾ ਦੇ ਪਿਤਾ ਵੀ ਮਜ਼ਦੂਰੀ ਕਰਦੇ ਹਨ ਅਤੇ ਪਰਿਵਾਰ ਆਰਥਿਕ ਤੰਗੀ ਵਿੱਚ ਜੀਵਨ ਬਤੀਤ ਕਰ ਰਿਹਾ ਸੀ।
ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਸੁਹਾਨਾ ਨੌਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਹਾਲ ਹੀ ਵਿੱਚ ਆਏ ਨਤੀਜੇ ਵਿੱਚ ਉਹ ਫੇਲ੍ਹ ਹੋ ਗਈ ਸੀ। ਇਸ ਗੱਲ ਨਾਲ ਉਸਨੂੰ ਇੰਨਾ ਗਹਿਰਾ ਸਦਮਾ ਲੱਗਾ ਉਹ ਮਾਨਸਿਕ ਤਣਾਅ ਵਿੱਚ ਚਲੀ ਗਈ। ਪਰਿਵਾਰਕ ਮੈਂਬਰਾਂ ਨੇ ਜਦੋਂ ਉਸਨੂੰ ਕਮਰੇ ਵਿੱਚ ਫਾਹੇ ਨਾਲ ਲਟਕਦਾ ਦੇਖਿਆ ਤਾਂ ਉਨ੍ਹਾਂ ਦੀਆਂ ਚੀਕਾਂ ਨਿਕਲ ਗਈਆਂ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਮਾਤਮ ਛਾ ਗਿਆ।
ਦੋ ਘਰਾਂ ਦੇ ਬੁੱਝੇ ਚਿਰਾਗ, ਸਮਾਜ ਲਈ ਵੱਡੀ ਚਿਤਾਵਨੀ
ਇਹ ਦੋਵੇਂ ਘਟਨਾਵਾਂ ਸਿਰਫ਼ ਖੁਦਕੁਸ਼ੀ ਦੇ ਮਾਮਲੇ ਨਹੀਂ, ਸਗੋਂ ਉਸ ਮਾਨਸਿਕ ਦਬਾਅ ਦੀ ਤਸਵੀਰ ਹਨ ਜਿਸ ਹੇਠ ਅੱਜ ਦੇ ਬੱਚੇ ਜੀ ਰਹੇ ਹਨ। ਨੰਬਰਾਂ ਦੀ ਦੌੜ ਅਤੇ ਅਸਫਲਤਾ ਦਾ ਡਰ ਬੱਚਿਆਂ ਦੇ ਮਨਾਂ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਮਾਪੇ ਬੱਚਿਆਂ ਨੂੰ ਡਾਂਟਣ ਦੀ ਬਜਾਏ ਉਹਨਾਂ ਦਾ ਸਹਾਰਾ ਬਣਨ, ਤਾਂ ਜੋ ਕੋਈ ਵੀ ਬੱਚਾ ਇੱਕ ਨਤੀਜੇ ਨੂੰ ਆਪਣੀ ਜ਼ਿੰਦਗੀ ਦਾ ਆਖਰੀ ਫੈਸਲਾ ਨਾ ਸਮਝੇ। ਫਿਲਹਾਲ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।