ਸ਼ਹੀਦ ਸਰਾਭਾ ਦੇ ਜਨਮ ਦਿਨ ਸਮਾਗਮ ਦੀਆਂ ਤਿਆਰੀਆਂ ਸ਼ੁਰੂ
ਮਹਾਨ ਗਦਰੀ ਸ਼ਹੀਦ ਸਰਾਭਾ ਦੇ ਜਨਮ ਦਿਨ ਸਮਾਗਮ ਦੀਆਂ ਤਿਆਰੀਆਂ ਸ਼ੁਰੂ
Publish Date: Fri, 15 May 2026 07:07 PM (IST)
Updated Date: Sat, 16 May 2026 04:10 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਗੁਰਦੇਵ ਸਿੰਘ ਮੁੱਲਾਂਪੁਰ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਵੱਖ-ਵੱਖ ਨਾਮਵਰ ਆਗੂਆਂ ਉਜਾਗਰ ਸਿੰਘ ਬੱਦੋਵਾਲ, ਜਸਦੇਵ ਸਿੰਘ ਲਲਤੋਂ, ਜੋਗਿੰਦਰ ਸਿੰਘ ਸ਼ਹਿਜਾਦ ਤੇ ਚਰਨਜੀਤ ਸਿੰਘ ਹਿਮਾਂਯੂਪੁਰਾ ਨੇ ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਵਸ ਦੀ 130ਵੀਂ ਵਰ੍ਹੇਗੰਢ ਮੌਕੇ ਰਚਾਏ ਜਾਣ ਵਾਲੇ ਜਨਮ ਦਿਵਸ ਸਮਾਗਮ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਭਰਵੇਂ ਤੇ ਡੂੰਘੇ ਵਿਚਾਰ ਅਤੇ ਠੋਸ ਤੇ ਨਿਗਰ ਸੁਝਾਅ ਪੇਸ਼ ਕੀਤੇ। ਇਸ ਮੌਕੇ ਸਰਬ ਸੰਮਤੀ ਨਾਲ ਪਾਸ ਕੀਤੇ ਵਿਸ਼ੇਸ਼ ਮਤੇ ਰਾਹੀਂ ਦੱਸਿਆ ਗਿਆ ਕਿ 24 ਮਈ ਦਿਨ ਐਤਵਾਰ ਨੂੰ ਠੀਕ 9 ਵਜੇ ਸਵੇਰੇ ਤੋਂ ਆਰੰਭ ਕਰਕੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਹੈਡਕੁਆਰਟਰ ਦਾਦ( ਨੇੜੇ ਭਾਈ ਬਾਲਾ ਗੁਰਦੁਆਰਾ ਸਾਹਿਬ ਲੁਧਿਆਣਾ ) ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਰਪ੍ਰਸਤੀ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਪਹਿਲ ਕਦਮੀ ਤੇ ਉੱਦਮ ਨਾਲ਼ ਵਿਸ਼ਾਲ ਜਨਮ ਦਿਵਸ ਸਮਾਗਮ ਰਚਾਇਆ ਜਾਵੇਗਾ। ਇਸ ਸਮਾਗਮ ਵਿੱਚ ਜ਼ਿਲ੍ਹੇ ਭਰ ਚੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਦੇਸ਼ ਪ੍ਰੇਮੀ ਵਰਕਰ ਜੋਸ਼ੋ ਖਰੋਸ਼ ਨਾਲ ਵੱਧ ਚੜ੍ਹ ਕੇ ਭਰਵੀਂ ਸ਼ਮੂਲੀਅਤ ਕਰਨਗੇ। ਸਮਾਗਮ ਦੀ ਤਿਆਰੀ ਮੁਹਿੰਮ ਵਜੋਂ ਕੱਲ੍ਹ ਤੋਂ ਜ਼ਿਲ੍ਹੇ ਚ ਕਮੇਟੀ ਦੀਆਂ ਇਕਾਈਆਂ ਦੀਆਂ ਜਨਤਕ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਜਾਵੇਗਾ। ਇਸ ਮੌਕੇ ਪ੍ਰਸਿੱਧ ਦੇਸ਼ ਪ੍ਰੇਮੀ ਇਤਿਹਾਸਕਾਰ ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਦੋ ਮਿੰਟ ਖੜ੍ਹੇ ਹੋ ਕੇ ਤੇ ਮੌਨ ਧਾਰ ਕੇ ਨਿੱਘੀ ਤੇ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।ਮੀਟਿੰਗ ਚ ਹੋਰਨਾਂ ਤੋਂ ਇਲਾਵਾ ਸ਼ਿੰਦਰ ਸਿੰਘ ਜਵੱਦੀ ,ਪ੍ਰੇਮ ਸਿੰਘ ਸ਼ਹਿਜਾਦ, ਜਸਵਿੰਦਰ ਸਿੰਘ, ਮਲਕੀਤ ਸਿੰਘ ਬੱਦੋਵਾਲ, ਕੁਲਵੰਤ ਸਿੰਘ ਹਿਮਾਂਯੂਪੁਰਾ, ਰਣਜੀਤ ਸਿੰਘ ਸਾਇਆਂ ਉਚੇਚੇ ਤੌਰ ਤੇ ਹਾਜ਼ਰ ਹੋਏ।