ਬੱਚਿਆਂ ਨੂੰ ਐਲਰਜੀ ਤੇ ਅਸਥਮਾ ਤੋਂ ਬਚਾਉਣ ਲਈ ਮਾਪੇ ਵਰਤਣ ਸਾਵਧਾਨੀਆਂ : ਡਾ. ਡੋਗਰਾ
ਬੱਚਿਆਂ ਨੂੰ ਐਲਰਜੀ ਅਤੇ ਅਸਥਮਾ ਤੋਂ ਬਚਾਉਣ ਲਈ ਮਾਪੇ ਵਰਤਣ ਸਾਵਧਾਨੀਆਂ- ਡਾ. ਡੋਗਰਾ
Publish Date: Sun, 26 Apr 2026 06:06 PM (IST)
Updated Date: Sun, 26 Apr 2026 06:10 PM (IST)

ਬਸੰਤ ਸਿੰਘ ਰੋੜੀਆਂ ਪੰਜਾਬੀ ਜਾਗਰਣ ਲੁਧਿਆਣਾ ਅਜੋਕੇ ਸਮੇਂ ਵਿੱਚ ਬੱਚਿਆਂ ਵਿੱਚ ਐਲਰਜੀ ਅਤੇ ਅਸਥਮਾ (ਦਮਾ) ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ, ਜਿਸ ਕਾਰਨ ਲਾਗਾਤਰ ਬੱਚਿਆਂ ਦੀ ਸਿਹਤ ਖਰਾਬ ਹੋ ਰਹੀ ਹੈ। ਭਾਵੇਂ ਕਿ ਬੱਚਿਆਂ ਵਿੱਚ ਇਨ੍ਹਾਂ ਬਿਮਾਰੀਆਂ ਦੇ ਲੱਛਣ ਪਹਿਲਾ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ, ਪਰ ਸਮੇਂ ਸਿਰ ਇਸ ਦਾ ਇਲਾਜ ਨਾ ਕਾਰਨ ਇਹ ਬਿਮਾਰੀਆਂ ਵੱਧਦੀਆਂ ਹਨ। ਜਿਸ ਨੂੰ ਲੈਕੇ ਪੀੜਤ ਬੱਚਿਆਂ ਦੇ ਮਾਪਿਆਂ ਵਿੱਚ ਇਨ੍ਹਾਂ ਬਿਮਾਰੀਆਂ ਨੂੰ ਲੈਕੇ ਦੀ ਚਿੰਤਾ ਲਗਾਤਾਰ ਵੱਧ ਰਹੀ ਹੈ। ਬੱਚਿਆਂ ਵਿੱਚ ਇਨ੍ਹਾਂ ਬਿਮਾਰੀਆਂ ਦੇ ਫੈਲਣ ਦਾ ਮੁੱਖ ਕਾਰਨ ਬਦਲਦੀ ਜੀਵਨ ਸ਼ੈਲੀ, ਵੱਧ ਰਿਹਾ ਪ੍ਰਦੂਸ਼ਣ, ਖੁਰਾਕ ਵਿੱਚ ਮਿਲਾਵਟ ਅਤੇ ਸ਼ਹਿਰੀਕਰਨ ਨੂੰ ਮੰਨਿਆ ਜਾ ਰਿਹਾ ਹੈ। ਇਹ ਜਾਣਕਾਰੀ ਫਿਰੋਜਪੁਰ ਰੋਡ ਚੁੰਗੀ ਤੇ ਸਥਿਤ ਮੈਡੀਵੇਜ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾ. ਅਮੀਰ ਡੋਗਰਾ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸਾਂਝੀ ਕੀਤੀ ਬੱਚਿਆਂ ’ਚ ਕਿਉਂ ਹੁੰਦੀ ਐਲਰਜੀ ਐਲਰਜੀ ਸਬੰਧੀ ਗੱਲ ਕਰਦਿਆਂ ਡਾ. ਅਮੀਰ ਡੋਗਰਾ ਨੇ ਦੱਸਿਆ ਕਿ ਸਾਡੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਲਈ ਪ੍ਰਤੀਰੋਧਕ ਪ੍ਰਣਾਲੀ ਦੀ ਇਕ ਅਸਧਾਰਨ ਪ੍ਰਤੀਕਿਰਿਆ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਬੱਚੇ ਦਾ ਸਰੀਰ ਬਾਹਰੀ ਵਾਤਾਵਰਣ ਵਿਚ ਮੌਜੂਦ ਕੁਝ ਆਮ ਚੀਜ਼ਾਂ ਨੂੰ ਖ਼ਤਰਨਾਕ ਮੰਨ ਕੇ ਉਨ੍ਹਾਂ ਵਿਰੁੱਧ ਲੜਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਨੂੰ ਐਲਰਜੀ ਕਿਹਾ ਜਾਂਦਾ ਹੈ। ਇਨ੍ਹਾਂ ਚੀਜ਼ਾਂ ਨੂੰ ਵਿਗਿਆਨਕ ਭਾਸ਼ਾ ਵਿੱਚ ‘ਐਲਰਜਨ’ ਕਿਹਾ ਜਾਂਦਾ ਹੈ। ਬੱਚਿਆਂ ਵਿੱਚ ਆਮ ਤੌਰ ਤੇ ਧੂੜ-ਮਿੱਟੀ, ਫੁੱਲਾਂ ਦੇ ਪਰਾਗ ਕਣ ਪਾਲਤੂ ਜਾਨਵਰਾਂ ਦੇ ਵਾਲ ਜਾਂ ਚਮੜੀ ਦੇ ਕਣ, ਅਤੇ ਮੌਸਮ ਵਿੱਚ ਅਚਾਨਕ ਆਉਣ ਵਾਲੀ ਤਬਦੀਲੀ ਐਲਰਜੀ ਦਾ ਕਾਰਨ ਬਣਦੀ ਹੈ। ਕਈ ਵਾਰ ਕੁਝ ਖਾਸ ਖਾਣ ਪੀਣ ਦੀਆਂ ਵਸਤੂਆਂ ਜਿਨ੍ਹਾਂ ਵਿੱਚ ਦੁੱਧ, ਆਂਡੇ, ਮੂੰਗਫਲੀ ਜਾਂ ਹੋਰ ਨੱਟਸ ਵੀ ਬੱਚਿਆਂ ਦੇ ਸਰੀਰ ਵਿੱਚ ਐਲਰਜੀ ਪੈਦਾ ਕਰ ਸਕਦੇ ਹਨ। ਇਸ ਦੇ ਲੱਛਣ ਵਾਰ-ਵਾਰ ਛਿੱਕਾਂ ਆਉਣਾ, ਨੱਕ ਦਾ ਵਗਣਾ, ਅੱਖਾਂ ਵਿੱਚ ਖਾਰਿਸ਼ ਹੋਣਾ ਅਤੇ ਚਮੜੀ ਤੇ ਲਾਲ ਦਾਣੇ ਨਿਕਲਣਾ ਸ਼ਾਮਲ ਹਨ। ਸਾਹ ਦੀਆਂ ਨਲੀਆਂ ’ਚ ਸੋਜ ਆਉਣ ਨਾਲ ਹੁੰਦਾ ਅਸਥਮਾ ਡਾ. ਅਮੀਰ ਡੋਗਰਾ ਨੇ ਦੱਸਿਆ ਕਿ ਅਸਥਮਾ ਫੇਫੜਿਆਂ ਨਾਲ ਸਬੰਧਤ ਇਕ ਲੰਬੇ ਸਮੇਂ ਦੀ ਬਿਮਾਰੀ ਹੈ। ਇਸ ਵਿਚ ਬੱਚੇ ਦੇ ਸਾਹ ਦੀਆਂ ਨਲੀਆਂ ਵਿਚ ਸੋਜ ਆ ਜਾਂਦੀ ਹੈ, ਜਿਸ ਕਾਰਨ ਉਹ ਸੁੰਗੜ ਜਾਂਦੀਆਂ ਹਨ ਅਤੇ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ। ਅਸਥਮਾ ਵਾਲੇ ਬੱਚਿਆਂ ਵਿਚ ਸਾਹ ਲੈਂਦੇ ਸਮੇਂ ਸੀਟੀ ਵਰਗੀ ਆਵਾਜ਼ ਆਉਣਾ, ਰਾਤ ਦੇ ਸਮੇਂ ਜਾਂ ਸਵੇਰੇ ਸਮੇਂ ਖੰਘ ਦਾ ਵੱਧਣਾ ਅਤੇ ਖੇਡਦੇ ਸਮੇਂ ਜਲਦੀ ਸਾਹ ਫੁੱਲਣਾ ਵਰਗੇ ਲੱਛਣ ਪ੍ਰਮੁੱਖ ਹਨ। ਧੂੰਆਂ, ਪ੍ਰਦੂਸ਼ਣ, ਵਾਇਰਲ ਇਨਫੈਕਸ਼ਨ ਅਤੇ ਠੰਢੀ ਹਵਾ ਅਸਥਮਾ ਦੇ ‘ਟ੍ਰਿਗਰ’ ਵਜੋਂ ਕੰਮ ਕਰਦੇ ਹਨ, ਜੋ ਸਮੱਸਿਆ ਨੂੰ ਹੋਰ ਵਧਾ ਸਕਦੇ ਹਨ। ਇਲਾਜ ਤੇ ਰੋਕਥਾਮ ਦੇ ਤਰੀਕੇ ਮੈਡੀਵੇਜ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾ. ਅਮੀਰ ਡੋਗਰਾ ਨੇ ਦੱਸਿਆ ਕਿ ਬਹੁਤ ਸਾਰੇ ਮਾਪਿਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ ਅਸਥਮਾ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ, ਪਰ ਮਾਹਰਾਂ ਅਨੁਸਾਰ ਅਸਥਮਾ ਨੂੰ ਜੜ੍ਹੋਂ ਖਤਮ ਕਰਨਾ ਮੁਸ਼ਕਿਲ ਹੈ, ਪਰ ਇਸ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਬਹੁਤ ਸਾਰੇ ਬੱਚੇ ਉਮਰ ਵੱਧਣ ਦੇ ਨਾਲ ਬਿਹਤਰ ਮਹਿਸੂਸ ਕਰਨ ਲੱਗ ਪੈਂਦੇ ਹਨ। ਇਸ ਦੇ ਇਲਾਜ ਲਈ ਇਨਹਿੱਲਰ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਂਦਾ ਹੈ। ਆਮ ਤੌਰ ਤੇ ਲੋਕਾਂ ਵਿੱਚ ਇਨਹਿੱਲਰ ਨੂੰ ਲੈ ਕੇ ਕਈ ਭਰਮ-ਭੁਲੇਖੇ ਹਨ, ਪਰ ਅਸਲੀਅਤ ਇਹ ਹੈ ਕਿ ਇਨਹਿੱਲਰ ਰਾਹੀਂ ਦਵਾਈ ਸਿੱਧੀ ਫੇਫੜਿਆਂ ਤੱਕ ਪਹੁੰਚਦੀ ਹੈ, ਜਿਸ ਕਾਰਨ ਇਸ ਦੇ ਸਾਈਡ ਇਫੈਕਟ ਗੋਲੀਆਂ ਦੇ ਮੁਕਾਬਲੇ ਬਹੁਤ ਘੱਟ ਹੁੰਦੇ ਹਨ। ਮਾਪਿਆਂ ਲਈ ਜ਼ਰੂਰੀ ਸੁਝਾਅ ਉਨਾਂ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਦੇ ਬਚਾਅ ਲਈ ਘਰ ਵਿੱਚ ਧੂੜ-ਮਿੱਟੀ ਜਮ੍ਹਾਂ ਨਾ ਹੋਣ ਦਿਓ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖੋ। ਬੱਚੇ ਦੇ ਕਮਰੇ ਵਿੱਚ ਕਾਰਪੈਟ ਜਾਂ ਬਹੁਤੇ ਨਰਮ ਖਿਡੌਣੇ ਰੱਖਣ ਤੋਂ ਪ੍ਰਹੇਜ਼ ਕਰੋ ਕਿਉਂਕਿ ਇਨ੍ਹਾਂ ਵਿੱਚ ਧੂੜ ਦੇ ਕਣ ਛਿੱਪੇ ਰਹਿੰਦੇ ਹਨ। ਇਸ ਤੋਂ ਇਲਾਵਾ ਬੱਚੇ ਦੇ ਸਾਹਮਣੇ ਜਾਂ ਘਰ ਦੇ ਅੰਦਰ ਧੂਮਰਪਾਨ ਬਿਲਕੁਲ ਨਾ ਕਰੋ। ਰਸੋਈ ਦੇ ਧੂੰਏਂ ਨੂੰ ਬਾਹਰ ਕੱਢਣ ਲਈ ਐਗਜ਼ਾਸਟ ਫੈਨ ਦੀ ਵਰਤੋਂ ਕਰੋ। ਡਾ. ਅਮੀਰ ਡੋਗਰਾ ਨੇ ਦੱਸਿਆ ਕਿ ਜੇਕਰ ਬੱਚੇ ਨੂੰ ਲਗਾਤਾਰ ਖੰਘ ਰਹਿੰਦੀ ਹੈ, ਤਾਂ ਇਸ ਨੂੰ ਆਮ ਜ਼ੁਕਾਮ ਸਮਝ ਕੇ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਅਤੇ ਆਪਣੀ ਮਰਜ਼ੀ ਨਾਲ ਬੱਚਿਆਂ ਨੂੰ ਦਵਾਈਆਂ ਨਾ ਦਿਓ। ਜਲਦ । ਕਿਸੇ ਮਾਹਰ ਡਾਕਟਰ ਤੋਂ ਬੱਚੇ ਦੀ ਜਾਂਚ ਕਰਵਾਉ। ਇਸ ਤੋਂ ਇਲਾਵਾ ਬੱਚੇ ਦੇ ਅਧਿਆਪਕਾਂ ਅਤੇ ਸਕੂਲ ਸਟਾਫ ਨੂੰ ਉਸ ਦੀ ਸਿਹਤ ਸਥਿਤੀ ਬਾਰੇ ਜ਼ਰੂਰ ਜਾਣੂ ਕਰਵਾਓ ਤਾਂ ਜੋ ਐਮਰਜੈਂਸੀ ਵੇਲੇ ਉਹ ਸਹੀ ਕਦਮ ਚੁੱਕ ਸਕਣ।