ਪੰਜਾਬ ’ਚ ਬਿਜਲੀ ਸੰਕਟ: ਅਕਾਲੀ ਦਲ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ, ਥਾਂ-ਥਾਂ ਦਿੱਤੇ ਗਏ ਧਰਨੇ
ਸਰਕਾਰ ਵੱਲੋਂ ਬਿਜਲੀ ਨਾ ਪੂਰੀ ਹੋਣ ’ਤੇ 5-5 ਘੰਟਿਆਂ ਦੇ ਕੱਟ ਲੱਗ ਰਹੇ ਹਨ। ਸਰਕਾਰ ਨੂੰ ਜਗਾਉਣ ਲਈ ਅੱਜ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਵਿੱਚ ਰੋਸ ਵਜੋਂ ਧਰਨਾ ਲਗਾਇਆ ਗਿਆ। ਇਸ ਸਮੇਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਅਤੇ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ।
Publish Date: Thu, 30 Apr 2026 02:56 PM (IST)
Updated Date: Thu, 30 Apr 2026 03:01 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ। ਸਰਕਾਰ ਵੱਲੋਂ ਬਿਜਲੀ ਨਾ ਪੂਰੀ ਹੋਣ ’ਤੇ 5-5 ਘੰਟਿਆਂ ਦੇ ਕੱਟ ਲੱਗ ਰਹੇ ਹਨ। ਸਰਕਾਰ ਨੂੰ ਜਗਾਉਣ ਲਈ ਅੱਜ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਵਿੱਚ ਰੋਸ ਵਜੋਂ ਧਰਨਾ ਲਗਾਇਆ ਗਿਆ। ਇਸ ਸਮੇਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਅਤੇ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ।
ਅਕਾਲੀਆਂ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ, ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ, ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ, ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ।
ਰੋਸ ਧਰਨਿਆਂ ਵਿੱਚ ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ, ਬੀਸੀਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਲੀਲ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਯੂਥ ਅਕਾਲੀ ਆਗੂ ਡਾ. ਹਿਰਤੇਸ਼ ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ।
ਅਕਾਲੀਆਂ ਨੇ ਕਿਹਾ ਕਿ ਜਿਸ ਸਮੇਂ ਪੰਜਾਬ ਅੰਦਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਬਿਜਲੀ ਸਰਪਲੱਸ ਕਰ ਦਿੱਤੀ ਸੀ, ਪਰ ਜਿਸ ਦਿਨ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ।
ਉਸ ਨੇ ਬਿਜਲੀ ਢਾਂਚੇ ਦਾ ਬੇੜਾ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਬਿਜਲੀ ਸਰਪਲਸ ਦਾ ਕੀ ਹੈ, ਸਗੋਂ ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ। ਜਿਸ ਕਰਕੇ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਲੋਕ ਹਿੱਤਾਂ ਲਈ ਹਰ ਪੱਧਰ ’ਤੇ ਹਰ ਕਿਸਮ ਦੀ ਲੜਾਈ ਲੜੀ ਜਾਵੇਗੀ।