ਸੀਪੀ ਦਫਤਰ ਨੂੰ ਤਾਲਾ ਜੜਨ ਜਾ ਰਹੇ ਭਾਜਪਾਈਆਂ ਨੂੰ ਪੁਲਿਸ ਨੇ ਬੈਰੀਕੇਡ ਤੇ ਰੋਕਿਆ

ਪ੍ਰਦਰਸ਼ਨ ਦੌਰਾਨ ਕੋਈ ਆਗੂ ਜਾਂ ਵਰਕਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਗੇਟ ਵੀ ਪਾਰ ਨਾ ਕਰ ਸਕਿਆ
---
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਬੀਤੇ ਦਿਨ ਭਾਜਪਾ ਦੇ ਮਾਡਲ ਟਾਊਨ ਸਥਿਤ ਜ਼ਿਲ੍ਹਾ ਦਫਤਰ ਦੇ ਬਾਹਰ ਆਪ ਤੇ ਭਾਜਪਾ ਆਗੂਆਂ ਦੇ ਵਰਕਰਾਂ ਵਿਚਕਾਰ ਹੋਏ ਟਕਰਾਅ ਤੋਂ ਅੱਜ ਭਾਜਪਾਈਆਂ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਦੀ ਘਿਰਾਓ ਕਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾਈਆਂ ਵੱਲੋਂ ਸੀਪੀ ਦਫਤਰ ਨੂੰ ਤਾਲਾ ਲਗਾਉਣ ਦਾ ਐਲਾਨ ਕੀਤਾ ਹੋਇਆ ਸੀ। ਪਰ ਪੁਲਿਸ ਦੀ ਮੂਸਤੈਦੀ ਦੇ ਚੱਲਦੇ ਭਾਜਪਾ ਦਾ ਕੋਈ ਆਗੂ ਜਾਂ ਵਰਕਰ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਗੇਟ ਵੀ ਪਾਰ ਨਾ ਕਰ ਸਕਿਆ।
ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਐਤਵਾਰ ਨੂੰ ਆਪ ਆਗੂਆਂ ਤੇ ਵਰਕਰਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਦਫਤਰ ਦੇ ਬਾਹਰ ਸ਼ਰੇਆਮ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਦੌਸ਼ ਲਗਾਇਆ ਕਿ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਬਜਾਏ ਸਮਰਥਨ ਦਿੱਤਾ ਗਿਆ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਫਿਰੋਜ਼ਪੁਰ ਤੇ ਵੱਡੀ ਤਾਦਾਦ ਵਿੱਚ ਇਕੱਤਰ ਹੋਏ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਰੋਸ਼ ਧਰਨਾ ਦਿੱਤਾ ਗਿਆ। ਜਿਸ ਨੂੰ ਭਾਜਪਾ ਦੇ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ।
ਇਸ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਵਿੱਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਸੀਪੀ ਦਫਤਰ ਨੂੰ ਤਾਲਾ ਲਗਾਉਣ ਲਈ ਕੂਚ ਕੀਤਾ। ਪਹਿਲਾਂ ਤੋਂ ਹੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੀਪੀ ਦਫਤਰ ਦੇ ਬਾਹਰ ਫਿਰੋਜ਼ਪੁਰ ਰੋਡ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰਦੇ ਹੋਏ ਬੈਰੀਕੇਡ ਲਗਾਏ ਗਏ ਸਨ। ਰੋਸ਼ ਮਾਰਚ ਕਰਕੇ ਆਉਂਦੇ ਭਾਜਪਾਈਆਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਕੇ ਸੀਪੀ ਦਫਤਰ ਵੱਲ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਇੱਕ ਵਾਰ ਮਹੌਲ ਤਣਾਅਪੂਰਨ ਬਣ ਗਿਆ। ਇਸ ਦੌਰਾਨ ਪੁਲਿਸ ਤੇ ਭਾਜਪਾ ਵਰਕਰਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਆਪ ਆਗੂਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਖਿਲਾਫ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ। ਇਸ ਮੌਕੇ ਪ੍ਰਧਾਨ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਬੁਲਾਰੇ ਅਨਿਲ ਸਰੀਨ ਅਤੇ ਸੂਬਾ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਆਪ ਆਗੂਆਂ ਵੱਲੋਂ ਅਪਣੇ ਆਕਾ ਭਗਵੰਤ ਮਾਨ ਦੀ ਸ਼ਹਿ 'ਤੇ ਜੋ ਪੰਜਾਬ ਵਿੱਚ ਖੁਲੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਉਸ ਵਿਰੁੱਧ ਭਾਜਪਾ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਕੋਈ ਸਿਕਾਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਗੁੰਡਾਗਰਦੀ ਦਾ ਮੁੰਹ ਤੋੜਵਾਂ ਜਵਾਬ ਤਾਂ ਹੁਣ ਪੰਜਾਬ ਦੇ ਲੋਕ ਆਪ ਹੀ ਦੇਣਗੇ। ਇਸ ਮੌਕੇ ਪੁਲਿਸ ਦੇ ਡੀਸੀਪੀ ਦੇਵ ਸਿੰਘ, ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਅਤੇ ਏਡੀਪੀਸੀ ਐਸਐਸ ਚੀਮਾ ਨੇ ਭਾਜਪਾ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਵਿਗੜਦੇ ਮਹੌਲ ਨੂੰ ਅਪਣੀ ਸੂਝ ਬੂਝ ਨਾਲ ਸ਼ਾਂਤ ਕਰਵਾਇਆ। ਜਿਸ ਤੋਂ ਬਾਅਦ ਭਾਜਪਾ ਦੇ ਆਗੂ ਅਤੇ ਵਰਕਰ ਵਾਪਸ ਮੁੜ ਗਏ।
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਤੋਂ ਇਲਾਵਾ ਭਾਜਪਾ ਪੰਜਾਬ ਦੇ ਬੁਲਾਰੇ ਅਨਿਲ ਸਰੀਨ, ਭਾਜਪਾ ਪੰਜਾਬ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ, ਕੌਂਸਲਰ ਸੁਨੀਲ ਮੌਦਗਿੱਲ, ਭਾਜਪਾ ਪੰਜਾਬ ਵਿਉਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਭਾਜਪਾ ਦੀ ਸੀਨੀਅਰ ਨੇਤਾ ਸ਼ੀਨੂ ਚੁੱਘ, ਰਾਸ਼ੀ ਅੱਗਰਵਾਲ, ਸੀਮਾ ਸ਼ਰਮਾ, ਲੀਨਾ ਟਪਾਰੀਆ, ਪੰਜਾਬ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਜੀਵਨ ਗੁਪਤਾ, ਜਤਿੰਦਰ ਮਿੱਤਲ, ਅਮਰੀਕ ਸਿੰਘ ਆਲੀਵਾਲ, ਪ੍ਰਵੀਨ ਬਾਂਸਲ, ਨਰਿੰਦਰ ਸਿੰਘ ਮੱਲ੍ਹੀ, ਡਾ. ਨਿਰਮਲ ਨਈਅਰ , ਵਿੱਪਨ ਸੂਦ ਕਾਕਾ, ਮ੍ਰਿਗਵੀਰ ਸਿੰਘ ਮਿੱਠੂ ਚੱਡਾ, ਪ੍ਰੇਮ ਮਿੱਤਲ, ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਗੋਰਵ ਅਰੋੜਾ, ਅਮਰਜੀਤ ਸਿੰਘ ਟਿੱਕਾ, ਪੁਸ਼ਪਿੰਦਰ ਸਿੰਘਲ, ਇੰਦਰ ਅੱਗਰਵਾਲ, ਡਾ. ਸਤੀਸ਼ ਕੁਮਾਰ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।
ਭਾਜਪਾ ਆਗੂਆਂ ’ਤੇ ਸੁੱਟੀ ਸਿਆਹੀ
ਭਾਜਪਾ ਵੱਲੋਂ ਅੱਜ ਸੀਪੀ ਦਫਤਰ ਨੂੰ ਤਾਲਾ ਲਗਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ, ਜਦ ਇਹ ਰੋਸ ਧਰਨਾ ਸਮਾਪਤੀ ਵੱਲ ਨੂੰ ਵੱਧ ਰਿਹਾ ਸੀ ਤਾ ਅਚਾਨਕ ਕੁੱਝ ਅਨਸਰਾਂ ਨੇ ਭਾਜਪਾ ਪੰਜਾਬ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਉੱਤੇ ਸਿਆਹੀ ਸੁੱਟ ਦਿੱਤੀ ਜੋ ਉਨ੍ਹਾਂ ਦੇ ਮੂੰਹ ਅਤੇ ਪਿੱਠ ਤੇ ਪੈਣ ਦੇ ਨਾਲ ਖੜੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਉੱਪਰ ਵੀ ਪੈ ਗਈ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਇਸ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਹੀ ਭਾਜਪਾ ਫਰਿਆਦ ਲੈਕੇ ਆਈ ਸੀ, ਫੇਰ ਉਨ੍ਹਾਂ ਤੇ ਹਮਲਾ ਹੋ ਗਿਆ। ਉਨ੍ਹਾਂ ਕਿਹਾ ਕਿ ਭਾਰੀ ਪੁਲਿਸ ਬਲ ਦੀ ਤੈਨਾਤੀ ਦੌਰਾਨ ਇਹ ਸਿਆਹੀ ਸੁੱਟਣ ਦਾ ਹਮਲਾ ਕਿਸੇ ਐਸਿਡ ਨਾਲ ਜਾਂ ਜਾਨਲੇਵਾ ਵੀ ਹੋ ਸਕਦਾ ਸੀ। ਇਸ ਮੌਕੇ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਇਹ ਆਪ ਦੇ ਲੋਕਾਂ ਦੀ ਬੁਖਲਾਹਟ ਦਾ ਨਤੀਜਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਕਾਇਰ ਤੇ ਡਰੇ ਹੋਏ ਲੋਕ ਹੀ ਕਰਦੇ ਹਨ।