ਚੋਣਾਂ ਨੂੰ ਲੈ ਕੇ ਪੁਲਿਸ ਮੁਸਤੈਦ, ਖੰਨਾ ’ਚ ਸਾਢੇ ਸੱਤ ਸੌ ਕਰਮਚਾਰੀ ਤਾਇਨਾਤ
ਚੋਣਾਂ ਨੂੰ ਲੈ ਕੇ ਪੁਲਿਸ ਮੁਸਤੈਦ, ਖੰਨਾ ’ਚ ਸਾਢੇ ਸੱਤ ਸੌ ਕਰਮਚਾਰੀ ਤਾਇਨਾਤ
Publish Date: Mon, 25 May 2026 06:27 PM (IST)
Updated Date: Tue, 26 May 2026 04:08 AM (IST)

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਪੁਲਿਸ ਜ਼ਿਲ੍ਹਾ ਖੰਨਾ ਅਧੀਨ ਖੰਨਾ, ਪਾਇਲ, ਦੋਰਾਹਾ ਅਤੇ ਸਮਰਾਲਾ ਨਗਰ ਕੌਂਸਲ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਚੋਣ ਡਿਊਟੀ ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਵਾਨਾ ਕਰਦਿਆਂ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਵੱਲੋਂ ਬੀਤੇ ਦਿਨ ਸ਼ਹਿਰ ’ਚ ਫਲੈਗ ਮਾਰਚ ਕੱਢਿਆ ਗਿਆ। ਜਿਸ ਦੀ ਅਗਵਾਈ ਖੁਦ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਕੀਤੀ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਲੋਕਤੰਤਰ ਦੇ ਇਸ ਮਹੱਤਵਪੂਰਨ ਤਿਉਹਾਰ ਨੂੰ ਸਫਲ ਬਣਾਉਣ ’ਚ ਪੁਲਿਸ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਨਿਰਪੱਖਤਾ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ, ਕਾਨੂੰਨ-ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਜਾਂ ਵੋਟਿੰਗ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਮਕਸਦ ਵੋਟਰਾਂ ਨੂੰ ਸੁਰੱਖਿਅਤ ਅਤੇ ਡਰ-ਰਹਿਤ ਮਾਹੌਲ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਬਿਨਾਂ ਕਿਸੇ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਸਾਰੇ ਪੋਲਿੰਗ ਕੇਂਦਰਾਂ ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਪੁਲਿਸ ਜ਼ਿਲ੍ਹਾ ਖੰਨਾ ਵਿੱਚ ਨਗਰ ਕੌਂਸਲ ਚੋਣਾਂ ਲਈ ਕੁੱਲ 51 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ’ਚ 184 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 2 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਤੇ 16 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਸ੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ਥਾਵਾਂ ’ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਰੀਬ 750 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਵਿੱਚ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਵਿਸ਼ੇਸ਼ ਟੀਮਾਂ ਅਤੇ ਰਿਜ਼ਰਵ ਫੋਰਸ ਵੀ ਸ਼ਾਮਲ ਹੈ। ਪੁਲਿਸ ਵੱਲੋਂ ਲਗਾਤਾਰ ਗਸ਼ਤ, ਨਾਕਾਬੰਦੀ ਅਤੇ ਸ਼ੱਕੀ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਵੇਗੀ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਸੰਪੰਨ ਕਰਵਾਉਣ ਲਈ ਹਰ ਸੰਭਵ ਕਦਮ ਚੁੱਕੇ ਗਏ ਹਨ। ਉਨ੍ਹਾਂ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਨਜ਼ਰ ਆਵੇ ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।