ਟਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਪੁਲਿਸ ਦੀ ਸਖ਼ਤੀ
ਟਰੈਫਿਕ ਨਿਯਮ ਤੋੜਨ ਵਾਲਿਆਂ ‘ਤੇ ਪੁਲਿਸ ਦੀ ਸਖ਼ਤੀ, ਇੱਕ ਦਿਨ ‘ਚ 1800 ਤੋਂ ਵੱਧ ਚਲਾਨ
Publish Date: Mon, 11 May 2026 06:40 PM (IST)
Updated Date: Tue, 12 May 2026 04:09 AM (IST)
ਇੱਕ ਦਿਨ ‘ਚ 1800 ਤੋਂ ਵੱਧ ਚਲਾਨ
ਬਿਨਾਂ ਹੈਲਮੈਟ, ਰਾਂਗ ਸਾਈਡ, ਗਲਤ ਪਾਰਕਿੰਗ ਅਤੇ ਟ੍ਰਿਪਲ ਰਾਈਡਿੰਗ ਕਰਨ ਵਾਲੇ ਸਭ ਤੋਂ ਵੱਧ ਰਡਾਰ ’ਤੇ
---
ਪ੍ਰਿੰਸ ਸ਼ਰਮਾ ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੜਕ ਹਾਦਸਿਆਂ ‘ਤੇ ਕਾਬੂ ਪਾਉਣ ਲਈ ਲੁਧਿਆਣਾ ਟਰੈਫਿਕ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਟਰੈਫਿਕ ਪੁਲਿਸ ਵੱਲੋਂ ਐਤਵਾਰ ਨੂੰ ਕਰੀਬ 1820 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ।
ਜਾਰੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਕਾਰਵਾਈ ਬਿਨਾਂ ਹੈਲਮੈਟ ਦੋਪਹੀਆ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ। ਇਸ ਦੇ ਨਾਲ ਹੀ ਰਾਂਗ ਸਾਈਡ ਡਰਾਈਵਿੰਗ, ਗਲਤ ਪਾਰਕਿੰਗ, ਟ੍ਰਿਪਲ ਰਾਈਡਿੰਗ, ਬਿਨਾਂ ਸੀਟ ਬੈਲਟ, ਰੈੱਡ ਲਾਈਟ ਜੰਪ, ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਵਾਹਨ ਚਲਾਉਣ, ਬਲੈਕ ਫਿਲਮ, ਓਵਰਸਪੀਡ ਅਤੇ ਨੰਬਰ ਪਲੇਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਵੱਡੀ ਗਿਣਤੀ ਵਿੱਚ ਚਲਾਨ ਕੀਤੇ ਗਏ। ਟਰੈਫਿਕ ਪੁਲਿਸ ਅਧਿਕਾਰੀਆਂ ਅਨੁਸਾਰ ਹੁਣ ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਰੂਟਾਂ ‘ਤੇ ਲੱਗੇ ਹਾਈਟੈਕ ਸੀਸੀਟੀਵੀ ਕੈਮਰਿਆਂ ਅਤੇ ਈ-ਚਲਾਨ ਪ੍ਰਣਾਲੀ ਰਾਹੀਂ ਵੀ ਨਿਯਮ ਤੋੜਨ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਹਾਈਟੈਕ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੇ ਗਏ ਈ-ਚਲਾਨ ਦੇ ਅੰਕੜੇ ਉਕਤ ਰਿਪੋਰਟ ਚ ਸ਼ਾਮਿਲ ਨਹੀਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਬਿਨਾਂ ਰੋਕੇ ਵੀ ਕਈ ਮਾਮਲਿਆਂ ਵਿੱਚ ਵਾਹਨ ਨੰਬਰ ਦੇ ਆਧਾਰ ‘ਤੇ ਈ-ਚਲਾਨ ਜਾਰੀ ਕੀਤੇ ਜਾ ਰਹੇ ਹਨ। ਟਰੈਫਿਕ ਪੁਲਿਸ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਅਗਾਮੀ ਦਿਨਾਂ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।