ਹਨੀਟ੍ਰੈਪ ਵਿੱਚ ਫਸਾ ਕੇ ਕਰਦੀ ਸੀ ਚੋਰੀ, ਪੁਲਿਸ ਨੇ ਸ਼ਾਤਿਰ ਔਰਤ ਕੀਤੀ ਗ੍ਰਿਫਤਾਰ

-ਫੋਨ ’ਤੇ ਮਿੱਠੀਆਂ ਗੱਲਾਂ ਮਾਰ ਕੇ ਕਰਦੀ ਦੋਸਤੀ ਤੇ ਫਿਰ ਬਣਾਉਂਦੀ ਸੀ ਸ਼ਿਕਾਰ
---
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਮਾਲਦਾਰ ਸ਼ਿਕਾਰ ਲੱਭਣ ਮਗਰੋਂ ਉਸ ਨੂੰ ਹਨੀ ਟ੍ਰੈਪ ਦਾ ਸ਼ਿਕਾਰ ਬਣਾ ਕੇ ਕੀਮਤੀ ਸਮਾਨ ਉੱਪਰ ਹੱਥ ਸਾਫ਼ ਕਰਨ ਵਾਲੀ ਇੱਕ ਸ਼ਾਤਰ ਔਰਤ ਨੂੰ ਥਾਣਾ ਟਿੱਬਾ ਪੁਲਿਸ ਨੇ ਕਾਫੀ ਮੁਸ਼ੱਕਤ ਮਗਰੋਂ ਆਖਿਰ ਗ੍ਰਿਫਤਾਰ ਕਰ ਲਿਆ। ਇਹ ਸ਼ਾਤਰ ਔਰਤ ਪਹਿਲਾਂ ਆਪਣੇ ਸ਼ਿਕਾਰ ਨਾਲ ਫੋਨ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਦੋਸਤੀ ਕਰਦੀ ਅਤੇ ਫਿਰ ਭਰੋਸਾ ਜਿੱਤ ਕੇ ਆਪਣੇ ਸ਼ਿਕਾਰ ਦੇ ਘਰੋਂ ਜੋ ਵੀ ਕੀਮਤੀ ਮਾਲ ਹੱਥ ਲੱਗਦਾ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੀ। ਇਸ ਔਰਤ ਵੱਲੋਂ ਬੀਤੇ ਦਿਨੀਂ ਅੰਜਾਮ ਦਿੱਤੀ ਚੋਰੀ ਦੀ ਵਾਰਦਾਤ ਨੂੰ ਹੱਲ ਕਰਕੇ ਚੋਰੀ ਕੀਤੇ ਸਮਾਨ ਵਿੱਚੋਂ ਥਾਣਾ ਟਿੱਬਾ ਪੁਲਿਸ ਨੇ ਇਸ ਦੇ ਕਬਜ਼ੇ ਚੋਂ ਲੱਖਾਂ ਰੁਪਏ ਦੀ ਨਗਦੀ, ਗਹਿਣੇ ਅਤੇ ਨਕਦੀ ਅਤੇ ਪਿਸਤੋਲ ਜਿੰਦਾ ਕਾਰਤੂਸ ਸਣੇ ਬਰਾਮਦ ਕਰ ਲਏ ਹਨ। ਮੁਲਜ਼ਮ ਔਰਤ ਨੇ ਉਕਤ ਘਰ ਵਿੱਚ ਚੋਰੀ ਦੀ ਵਾਰਦਾਤ ਅੰਜਾਮ ਦਿੱਤੀ ਜਦੋਂ ਪਰਿਵਾਰ ਵਾਲੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸਨ ਅਤੇ ਘਰ ਵਿੱਚ ਕੇਵਲ ਉਨ੍ਹਾਂ ਦਾ ਇੱਕ ਬਜੁਰਗ ਮੈਂਬਰ ਹੀ ਮੌਜੂਦ ਸੀ।
ਲੁਧਿਆਣਾ ਪੁਲਿਸ ਦੇ ਏਸੀਪੀ ਪੂਰਬੀ ਰਾਜ ਕੁਮਾਰ ਨੇ ਖੁਲਾਸਾ ਕਰਦੇ ਹੋਏ ਦੱਸਿਆ ਕੀ ਕਰੀਬ 8 ਦਿਨ ਪਹਿਲਾਂ ਥਾਣਾ ਟਿੱਬਾ ਪੁਲਿਸ ਕੋਲ ਘਰ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਵਿੱਚ ਸ਼ਿਕਾਇਤ ਕਰਤਾ ਨੇ ਆਪਣੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਡੇਢ ਲੱਖ ਰੁਪਏ ਦੇ ਕਰੀਬ ਨਗਦੀ ਸਮੇਂਤ ਇਕ ਲਾਇਸੈਂਸੀ ਪਿਸਤੋਲ ਅਤੇ ਜਿੰਦਾ ਕਾਰਤੂਸ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ। ਮਾਮਲਾ ਲਾਇਸੈਂਸੀ ਹਥਿਆਰ ਦੀ ਚੋਰੀ ਦਾ ਹੋਣ ਕਾਰਨ ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਪਰਚਾ ਦਰਜ ਕਰਕੇ ਤਕਨੀਕੀ ਢੰਗਾਂ ਦਾ ਇਸਤੇਮਾਲ ਕਰਦੇ ਹੋਏ ਵਾਰਦਾਤਾ ਅੰਜਾਮ ਦੇਣ ਵਾਲੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸ਼ਿਕਾਇਤ ਕਰਤਾ ਦੇ ਮੁਹੱਲੇ ਵਿੱਚ ਵੱਖ ਵੱਖ ਥਾਵਾਂ ਤੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ ਤਾਂ ਪੁਲਿਸ ਹੱਥ ਕੁਝ ਅਹਿਮ ਸੁਰਾਗ ਲੱਗੇ। ਇਨ੍ਹਾਂ ਸੁਰਾਗਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਨੂੰ ਇਸ ਚੋਰੀ ਵਿੱਚ ਇੱਕ ਔਰਤ ਦੀ ਭੂਮਿਕਾ ਸਾਫ ਨਜ਼ਰ ਆਈ। ਆਖਰ 5 ਦਿਨਾਂ ਮਗਰੋਂ ਪੁਲਿਸ ਨੇ ਮਹਾਰਾਣਾ ਪ੍ਰਤਾਪ ਨਗਰ ਦੀ ਰਹਿਣ ਵਾਲੀ ਸੁਮਨ ਵਰਮਾ ਨਾਮ ਦੀ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਸ਼ੁਰੂ ਕੀਤੀ ਤਾਂ ਮਾਮਲਾ ਸਾਫ ਹੋ ਗਿਆ।
ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੀ ਗਈ ਔਰਤ ਨੇ ਜੋ ਖੁਲਾਸੇ ਕੀਤੇ ਉਸ ਤੋਂ ਪੁਲਿਸ ਵੀ ਹੈਰਾਨ ਰਹਿ ਗਈ। ਪੜਤਾਲ ਵਿੱਚ ਸਾਹਮਣੇ ਆਇਆ ਕਿ ਇਹ ਔਰਤ ਆਪਣੇ ਸ਼ਿਕਾਰ ਨੂੰ ਚੁਣ ਕੇ ਪਹਿਲਾਂ ਉਸ ਨਾਲ ਫੋਨ ਤੇ ਗੱਲਬਾਤ ਕਰਦੀ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਹਮਣੇ ਵਾਲੇ ਨੂੰ ਦੋਸਤ ਬਣਾ ਕੇ ਭਰੋਸਾ ਜਿੱਤ ਲੈਂਦੀ ਸੀ। ਗੱਲਾਂ ਬਾਤਾਂ ਵਿੱਚ ਉਲਝਾ ਕੇ ਉਹ ਆਪਣੇ ਸ਼ਿਕਾਰ ਦੇ ਘਰ ਤੱਕ ਪੁੱਜ ਜਾਂਦੀ ਅਤੇ ਮੌਕਾ ਵੇਖ ਕੇ ਘਰ ਅੰਦਰ ਪਏ ਕੀਮਤੀ ਸਮਾਨ ਤੇ ਹੱਥ ਸਾਫ ਕਰ ਦਿੰਦੀ ਸੀ। ਥਾਣਾ ਟਿੱਬਾ ਪੁਲਿਸ ਨੇ ਗ੍ਰਿਫਤਾਰ ਕੀਤੀ ਗਈ ਔਰਤ ਸੁਮਨ ਵਰਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਤੋਂ ਹੋਰ ਘਰਾਂ ਦੀ ਚੋਰੀਆਂ ਸਬੰਧੀ ਜਾਂਚ ਦਾ ਹਵਾਲਾ ਦੇਣ ਮਗਰੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੂੰ ਆਸ ਹੈ ਕਿ ਰਿਮਾਂਡ ਦੌਰਾਨ ਪੁੱਛ ਗਿੱਛ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਆਸ ਹੈ ਕਿਉਂਕਿ ਸ਼ਾਇਦ ਇਸ ਮਾਮਲੇ ਵਿੱਚ ਇੱਜਤ ਜਾਣ ਤੋਂ ਡਰਦੇ ਮਾਰੇ ਕਈ ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਨਾ ਕੀਤੀ ਹੋਵੇ।
---
ਚੋਰੀ ਕੀਤੇ ਅਸਲੇ ਸਮੇਤ ਨਗਦੀ ਤੇ ਗਹਿਣੇ ਬਰਾਮਦ
ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਰਿਮਾਂਡ ਦੌਰਾਨ ਪੁਲਿਸ ਨੇ ਇਸ ਔਰਤ ਵੱਲੋਂ ਹਾਲ ਹੀ ਵਿੱਚ ਅੰਜਾਮ ਦਿੱਤੀ ਚੋਰੀ ਦਾ ਲੱਗ ਭੱਗ ਸਾਰਾ ਸਮਾਨ ਬਰਾਮਦ ਕਰ ਲਿਆ ਹੈ। ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਗਈ ਕਰੀਬ ਦੋ ਲੱਖ ਅੱਸੀ ਹਜਾਰ ਰੁਪਏ ਨਗਦੀ ਸ਼ਿਕਾਇਤ ਕਰਤਾ ਦੀ ਲਾਇਸੈਂਸੀ ਪਿਸਤੌਲ ਇੱਕ ਮੈਗਜੀਨ ਅਤੇ ਪਿਸਤੌਲ ਵਿੱਚ ਲੋਡ ਕੀਤੇ ਪੰਜ ਜਿੰਦਾ ਕਾਰਤੂਸਾਂ ਸਮੇਤ ਕਰੀਬ 35 ਗ੍ਰਾਮ ਸੋਨੇ ਦੇ ਵੱਖ-ਵੱਖ ਗਹਿਣੇ ਬਰਾਮਦ ਕਰ ਲਏ ਹਨ।