ਪਤਨੀ ਦਾ ਕਤਲ ਕਰਨ ਵਾਲਾ ਗ੍ਰਿਫ਼ਤਾਰ
ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਵਾਲਾ ਪਤੀ ਪੁਲਿਸ ਵਲੋਂ ਗ੍ਰਿਫ਼ਤਾਰ
Publish Date: Mon, 20 Apr 2026 08:33 PM (IST)
Updated Date: Tue, 21 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਬੇਟ ਇਲਾਕੇ ਦੇ ਪਿੰਡ ਮੰਡ ਸੁੱਖੇਵਾਲ ਵਿਖੇ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਪਤੀ ਗੁਰਪ੍ਰੀਤ ਸਿੰਘ ਨੇ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਸੀ ਤੇ 24 ਘੰਟਿਆਂ ’ਚ ਪੁਲਿਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸਮਰਾਲਾ ਦੇ ਡੀ.ਐੱਸ.ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਦਾਊਮਾਜਰਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸਦੀ ਲੜਕੀ ਰਾਜਵਿੰਦਰ ਕੌਰ ਨੇ ਕਰੀਬ 12 ਸਾਲ ਪਹਿਲਾਂ ਆਪਣੀ ਮਰਜੀ ਅਨੁਸਾਰ ਗੁਰਪ੍ਰੀਤ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ। ਕੱਲ੍ਹ ਕਰੀਬ ਸਾਢੇ 3 ਵਜੇ ਉਸਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਜਵਿੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਜਦੋਂ ਉਨ੍ਹਾਂ ਹਸਪਤਾਲ ਆ ਕੇ ਲਾਸ਼ ਦੇਖੀ ਤਾਂ ਉਸ ’ਤੇ ਕਾਫ਼ੀ ਤਸ਼ੱਦਦ ਕੀਤਾ ਹੋਇਆ ਸੀ। ਬਿਆਨਕਰਤਾ ਅਨੁਸਾਰ ਉਸਦੀ ਲੜਕੀ ਰਾਜਵਿੰਦਰ ਕੌਰ ਨਾਲ ਪਤੀ ਤੇ ਸਹੁਰਾ ਪਰਿਵਾਰ ਕਾਫ਼ੀ ਲੜਾਈ, ਝਗੜਾ ਕਰ ਕੁੱਟਮਾਰ ਕਰਦੇ ਸਨ। ਮਾਛੀਵਾੜਾ ਪੁਲਿਸ ਵਲੋਂ ਤੁਰੰਤ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਤੇ ਇਸ ਕਤਲ ਮਾਮਲੇ ’ਚ ਮੁੱਢਲੀ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਮੁਖੀ ਪਵਿੱਤਰ ਸਿੰਘ ਤੇ ਪੁਲਿਸ ਟੀਮ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਅੱਗੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਦੂਸਰੇ ਪਾਸੇ ਜੇਲ੍ਹ ਦੀਆਂ ਸਲਾਖ਼ਾਂ ’ਚ ਬੰਦ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੀ ਪਤਨੀ ਦੇ ਕੀਤੇ ਗਏ ਕਤਲ ਦਾ ਪਛਤਾਵਾ ਹੈ ਤੇ ਉਸਨੂੰ ਆਪਣੇ 2 ਛੋਟੇ-ਛੋਟੇ ਬੱਚਿਆਂ ਦੀ ਯਾਦ ਬਹੁਤ ਸਤਾ ਰਹੀ ਹੈ। ਹੱਸਦਾ-ਵੱਸਦਾ ਘਰ ਸ਼ੱਕ ਦੇ ਆਧਾਰ ’ਤੇ ਉਜੜ ਗਿਆ।