ਪੁਲਿਸ ਨੇ ਵੱਖ-ਵੱਖ ਇਲਾਕਿਆਂ ’ਚੋਂ ਇਕ ਲੜਕੀ ਸਣੇ 6 ਨਸ਼ਾ ਸਮਗਲਰ ਤੇ ਨਸ਼ੇੜੀ ਕਾਬੂ
ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚੋਂ ਨਸ਼ਾ ਸਮਗਲਰ ਤੇ ਨਸ਼ੇੜੀ ਕੀਤੇ ਕਾਬੂ
Publish Date: Sat, 08 Nov 2025 08:19 PM (IST)
Updated Date: Sat, 08 Nov 2025 08:22 PM (IST)

ਪੁੱਛਗਿੱਛ ਮਗਰੋਂ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ਾ ਸਮੱਗਲਰ ਅਤੇ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਪਿੰਡ ਗਿੱਲ ਦੀ ਰਹਿਣ ਵਾਲੀ ਗਲੌਰੀ ਉਰਫ ਖੁਸ਼ੀ ਨਾਮ ਦੀ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਅਮਨਪ੍ਰੀਤ ਸਿੰਘ ਮੁਤਾਬਕ ਪਿੰਡ ਬਾੜੇਵਾਲ ਵੱਲ ਜਾਂਦੇ ਰਸਤੇ ’ਤੇ ਗਸ਼ਤ ਦੌਰਾਨ ਪੁਲਿਸ ਨੂੰ ਬਾੜੇਵਾਲ ਪਿੰਡ ਵੱਲੋਂ ਇਕ ਲੜਕੀ ਸ਼ੱਕੀ ਹਾਲਾਤ ਵਿੱਚ ਪੈਦਲ ਆਉਂਦੀ ਵਿਖਾਈ ਦਿੱਤੀ। ਜਦੋਂ ਉਸ ਨੂੰ ਰੋਕ ਕੇ ਪੁੱਛ ਪੜਤਾਲ ਕੀਤੀ ਗਈ, ਤਾਂ ਲੜਕੀ ਦੀ ਪਛਾਣ ਗਲੌਰੀ ਉਰਫ ਖੁਸ਼ੀ ਦੇ ਰੂਪ ਵਿੱਚ ਹੋਈ ਅਤੇ ਉਸ ਦੇ ਕਬਜ਼ੇ ਵਿੱਚੋਂ ਸ਼ੁਰੂਆਤ ਦੌਰਾਨ ਪੁਲਿਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਅਜਿਹੇ ਹੀ ਦੂਜੇ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਵੱਲੋਂ ਦੋ ਕਥਿਤ ਮੁਲਜਮਾਂ ਨੂੰ ਹੈਰੋਇਨ ਤਸਕਰੀ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਖਾਸੀ ਕਲਾਂ ਦੇ ਰਹਿਣ ਵਾਲੇ ਗੁਰਦੀਪ ਸਿੰਘ ਅਤੇ ਪਿੰਡ ਕਡਿਆਣਾ ਕਲਾਂ ਵਾਸੀ ਸੁੱਚਾ ਸਿੰਘ ਦੇ ਰੂਪ ਵਿੱਚ ਹੋਈ ਹੈ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਮੁਤਾਬਕ ਪਿੰਡ ਭਾਮੀਆ ਕਲਾਂ ਦਰਸ਼ਨ ਅਕੈਡਮੀ ਦੇ ਨਜ਼ਦੀਕ ਗਸ਼ਤ ਦੌਰਾਨ ਪੁਲਿਸ ਨੂੰ ਗੁਪਤ ਰੂਪ ਨਾਲ ਜਾਣਕਰੀ ਮਿਲੀ ਸੀ ਕਿ ਦੋ ਨਸ਼ਾ ਸਮਗਲਰ ਆਪਣੇ ਕਿਸੇ ਗਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਆ ਰਹੇ ਹਨ। ਪੁਲਿਸ ਨੇ ਭਾਮੀਆਂ ਕਲਾਂ ਸ਼ਰਾਬ ਦੇ ਬੰਦ ਠੇਕੇ ਕੋਲ ਨਾਕਾਬੰਦੀ ਕਰਕੇ ਦੋਨਾਂ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 17 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਨਸ਼ਾਖੋਰੀ ਖਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਕੂਮ ਕਲਾਂ ਪੁਲਿਸ ਨੇ ਦੋ ਵਿਅਕਤੀ ਨੂੰ ਹੈਰੋਇਨ ਦਾ ਨਸ਼ਾ ਕਰਦੇ ਗ੍ਰਿਫ਼ਤਾਰ ਕੀਤਾ। ਥਾਣੇਦਾਰ ਦਲਵੀਰ ਸਿੰਘ ਦੇ ਬਿਆਨ ਉੱਪਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਸੁਖਵਿੰਦਰ ਰਾਮ ਉਰਫ ਸੁੱਖਾ ਅਤੇ ਪਿੰਡ ਸੇਖੇਵਾਲ ਵਾਸੀ ਰਾਜਨ ਕੁਮਾਰ ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦਲਵੀਰ ਸਿੰਘ ਮੁਤਾਬਕ ਪਿੰਡ ਰਤਨਗੜ੍ਹ ਵੱਲ ਜਾਂਦੀ ਸੜਕ ’ਤੇ ਗਸ਼ਤ ਦੌਰਾਨ ਪੁਲਿਸ ਨੂੰ ਪਿੰਡ ਗੁਜੱਰਵਾਲ ਦੇ ਸ਼ਮਸ਼ਾਨ ਘਾਟ ਕੋਲ ਸੁੰਨਸਾਨ ਪਲਾਟ ਵਿੱਚ ਦੋ ਲੜਕੇ ਸ਼ੱਕੀ ਹਾਲਾਤ ਵਿੱਚ ਬੈਠੇ ਦਿਖਾਈ ਦਿੱਤੇ। ਪੁਲਿਸ ਨੇ ਮੌਕੇ ’ਤੇ ਜਾ ਕੇ ਪੜਤਾਲ ਕੀਤੀ, ਤਾਂ ਪਤਾ ਲੱਗਾ ਕਿ ਦੋਨੋਂ ਵਿਅਕਤ ਹੈਰੋਇਨ ਦਾ ਨਸ਼ਾ ਕਰ ਰਹੇ ਸਨ। ਸ਼ੁਰੂਆਤੀ ਪੜਤਾਲ ਦੌਰਾਨ ਮੁਲਜਮਾਂ ਦੇ ਕਬਜ਼ੇ ਵਿੱਚੋਂ ਦੋ ਲਾਈਟਰ ਅਤੇ ਹੈਰੋਇਨ ਨਾਲ ਲਿਬੜੀਆਂ ਦੋ ਸਿਲਵਰ ਪੰਨੀਆ ਬਰਾਮਦ ਹੋਈਆਂ ਹਨ। ਅਜਿਹੇ ਹੀ ਦੂਜੇ ਮਾਮਲੇ ਵਿੱਚ ਥਾਣਾ ਮਿਹਰਬਾਨ ਪੁਲਿਸ ਵੱਲੋਂ ਹੈਰੋਇਨ ਦਾ ਨਸ਼ਾ ਕਰ ਰਹੇ ਮੁਲਜਮ ਮਨਦੀਪ ਸਿੰਘ ਉਰਫ ਵਿੱਕੀ ਵਾਸੀ ਮਿਹਰਬਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹੁਸਨ ਲਾਲ ਮੁਤਾਬਕ ਸਥਾਨਕ ਗੁੱਜਰ ਭਵਨ ਦੇ ਨਜ਼ਦੀਕ ਗਸ਼ਤ ਦੌਰਾਨ ਪੁਲਿਸ ਨੂੰ ਖਾਲੀ ਪਲਾਟ ਵਿੱਚ ਇੱਕ ਸ਼ੱਕੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਵਿਖਾਏ ਦਿੱਤਾ। ਪੁਲਿਸ ਵੱਲੋਂ ਪੜਤਾਲ ਕੀਤੀ ਗਈ, ਤਾਂ ਉਸ ਦੇ ਕਬਜ਼ੇ ਵਿੱਚੋਂ ਇੱਕ ਸਿਲਵਰ ਪੰਨੀ ਹੈਰੋਇਨ ਨਾਲ ਲਿਬੜੀ ਲਿਫਾਫੀ ਲਾਈਟਰ ਅਤੇ 10 ਰੁਪਏ ਦਾ ਸੜਿਆ ਹੋਇਆ ਨੋਟ ਬਰਾਮਦ ਕੀਤਾ ਗਿਆ।ਪੁਲਿਸ ਨੂੰ ਆਸ ਹੈ ਕਿ ਇਹਨਾਂ ਵਿਅਕਤੀਆਂ ਕੋਲੋਂ ਪੁੱਛ ਗਿੱਛ ਦੌਰਾਨ ਪਤਾ ਲੱਗੇਗਾ ਕਿ ਇਹ ਕਿੰਨਾ ਨਸ਼ਾ ਤਸਕਰਾਂ ਕੋਲੋਂ ਹੈਰੋਇਨ ਖਰੀਦ ਕੇ ਲਿਆਏ ਸਨ।