ਨਸ਼ਾ ਕਰ ਰਿਹਾ ਇਕ ਮੁਲਜ਼ਮ ਕਾਬੂ, ਸ਼ਿਮਲਾਪੁਰੀ ਤੇ ਡਾਬਾ ਇਲਾਕੇ ’ਚੋਂ ਹੈਰੋਇਨ ਸਮੇਤ ਦੋ ਗ੍ਰਿਫਤਾਰ
ਨਸ਼ਿਆਂ ਦੇ ਖਿਲਾਫ ਪੁਲਿਸ ਦੀ ਕਾਰਵਾਈ, ਨਸ਼ਾ ਕਰ ਰਿਹਾ ਇੱਕ ਮੁਲਜਮ ਕਾਬੂ
Publish Date: Sun, 19 Apr 2026 06:19 PM (IST)
Updated Date: Sun, 19 Apr 2026 06:21 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਨਸ਼ੀਲੇ ਪਦਾਰਥਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ ਜਦਕਿ ਇਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿਚ ਹਿਰਾਸਤ ਵਿਚ ਲਿਆ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਮੁਹੱਲਾ ਨਿਊ ਸ਼ਿਮਲਾਪੁਰੀ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੇ ਗਲੀ ਨੰਬਰ ਅੱਠ ਵਿਚ ਇਕ ਸ਼ੱਕੀ ਨੌਜਵਾਨ ਦੇਖਿਆ ਮੁਲਜ਼ਮ ਨੂੰ ਰੋਕ ਕੇ ਜਦ ਪੁੱਛਗਿਛ ਕੀਤੀ ਗਈ ਤਾਂ ਉਸਦੀ ਪਛਾਣ ਪਿੰਡ ਸੇਖੇਵਾਲ ਨਕੋਦਰ ਜ਼ਿਲ੍ਹਾ ਜਲੰਧਰ ਵਜੋਂ ਹੋਈ। ਤਲਾਸ਼ੀ ਦੇ ਦੌਰਾਨ ਮੁਲਜ਼ਮ ਦੇ ਕਬਜ਼ੇ ਵਿਚੋਂ ਦੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਡਾਬਾ ਦੇ ਏਐੱਸਆਈ ਪ੍ਰਮੋਦ ਰਾਜ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਇੰਦਰਜੀਤ ਸਿੰਘ ਹੈਰੋਇਨ ਵੇਚਣ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਗਿਆਸਪੁਰਾ ਦੇ ਕੂੜੇ ਵਾਲੇ ਡੰਪ ਦੇ ਲਾਗੇ ਛਾਪਾਮਾਰੀ ਕਰਕੇ ਲੁਹਾਰਾਂ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਇਕ ਹੋਰ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਬੇਆਬਾਦ ਜਗ੍ਹਾ ’ਤੇ ਬੈਠ ਕੇ ਨਸ਼ਾ ਕਰ ਰਹੇ ਨੌਜਵਾਨ ਨੂੰ ਹਿਰਾਸਤ ਵਿਚ ਲਿਆ। ਜਾਣਕਾਰੀ ਦਿੰਦਿਆਂ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਡੇਹਲੋ ਬਾਈਪਾਸ ਸਾਹਨੇਵਾਲ ਰੋਡ ’ਤੇ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੇ ਦੇਖਿਆ ਕਿ ਇਕ ਨੌਜਵਾਨ ਡਰੋਨ ਪੁੱਲ ਦੀ ਬੇਆਬਾਦ ਥਾਂ ’ਤੇ ਬੈਠ ਕੇ ਨਸ਼ਾ ਕਰ ਰਿਹਾ ਸੀ। ਪੁਲਿਸ ਨੇ ਪਿੰਡ ਘਵੱਦੀ ਦੇ ਰਹਿਣ ਵਾਲੇ ਨੌਜਵਾਨ ਸੁਰਿੰਦਰ ਸਿੰਘ ਉਰਫ ਸ਼ਿੰਦਾ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜ਼ੇ ਵਿਚੋਂ ਇਕ ਸਿਲਵਰ ਪੰਨੀ ਇਕ ਲਾਈਟਰ ਅਤੇ 10 ਰੁਪਏ ਦਾ ਮੁੜਿਆ ਹੋਇਆ ਨੋਟ ਬਰਾਮਦ ਕੀਤਾ। ਪੁਲਿਸ ਨੇ ਇਹਨਾਂ ਤਿੰਨਾਂ ਮਾਮਲਿਆਂ ਵਿਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।