ਨਸ਼ਿਆਂ ਖ਼ਿਲਾਫ਼ ਕਾਰਵਾਈ, ਨਸ਼ੀਲੇ ਪਦਾਰਥਾਂ ਸਮੇਤ ਮੁਲਜ਼ਮ ਕਾਬੂ
ਲੁਧਿਆਣਾ ਵਿੱਚ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ
Publish Date: Wed, 29 Apr 2026 09:41 PM (IST)
Updated Date: Wed, 29 Apr 2026 09:43 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਨਸ਼ਿਆਂ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਦਿਨ ਵਿੱਚ ਕਈ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰ ਕੇ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਕੀਤੀ ਅਤੇ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਮੋਤੀ ਨਗਰ ਇਲਾਕੇ ਵਿੱਚ ਪੁਲਿਸ ਨੇ ਹਰੀਸ਼ ਕੁਮਾਰ ਵਾਸੀ ਰੇਲਵੇ ਕਾਲੋਨੀ ਨੂੰ ਕਾਬੂ ਕਰ ਕੇ ਉਸ ਦੇ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਮਾਡਲ ਟਾਊਨ ਇਲਾਕੇ ਵਿੱਚ ਗੋਲਡੀ ਨਾਮਕ ਵਿਅਕਤੀ ਦੇ ਘਰ ਛਾਪੇਮਾਰੀ ਦੌਰਾਨ 4.5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕੂੰਮ ਕਲਾਂ ਇਲਾਕੇ ਵਿੱਚ ਪੁਲਿਸ ਨੇ ਵੀਰ ਕੌਰ ਨਾਮਕ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕੋਲੋਂ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਇਸ ਤੋਂ ਇਲਾਵਾ ਮਿਹਰਬਾਨ ਇਲਾਕੇ ਵਿੱਚ ਮਨਪ੍ਰੀਤ ਸਿੰਘ ਅਤੇ ਸੀਸੋ ਨਾਮਕ ਦੋ ਵਿਅਕਤੀਆਂ ਕੋਲੋਂ 14 ਗ੍ਰਾਮ ਹੈਰੋਇਨ ਮਿਲੀ। ਜਮਾਲਪੁਰ ਅਤੇ ਸ਼ਿਮਲਾਪੁਰੀ ਇਲਾਕਿਆਂ ਵਿੱਚ ਵੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੁਰਵਿੰਦਰ ਸਿੰਘ ਅਤੇ ਅਮਨਪ੍ਰੀਤ ਸਿੰਘ ਕੋਲੋਂ 59 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ। ਇਸ ਦੇ ਨਾਲ ਹੀ ਲਾਢੋਵਾਲ ਅਤੇ ਹੋਰ ਇਲਾਕਿਆਂ ਵਿੱਚੋਂ ਵੀ ਨਸ਼ੀਲੇ ਸਾਮਾਨ, ਲਾਈਟਰ, ਸਿਲਵਰ ਪੇਪਰ, ਸਰਿੰਜ ਆਦਿ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਨਸ਼ਾ ਕਰਦੇ ਨੌਜਵਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਸਾਹਨੇਵਾਲ ਇਲਾਕੇ ਵਿੱਚ ਮਨੀ ਨਾਮਕ ਨੌਜਵਾਨ ਨੂੰ ਸ਼ਰਾਬ ਦੇ ਠੇਕੇ ਨੇੜੇ ਨਸ਼ਾ ਕਰਦੇ ਕਾਬੂ ਕੀਤਾ ਗਿਆ, ਜਿਸ ਦੇ ਕੋਲੋਂ ਖਾਲੀ ਸਿਰਿੰਜ ਅਤੇ ਹੋਰ ਸਾਮਾਨ ਮਿਲਿਆ। ਇਸੇ ਤਰ੍ਹਾਂ ਲਾਢੋਵਾਲ ਇਲਾਕੇ ਵਿੱਚ ਜਸਬੀਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਮਲਕੀਤ ਸਿੰਘ ਨੂੰ ਵੀ ਨਸ਼ਾ ਕਰਦੇ ਹੋਏ ਕਾਬੂ ਕਰ ਕੇ ਉਸ ਦੇ ਕੋਲੋਂ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤਾ ਗਿਆ। ਲੇਬਰ ਕਾਲੋਨੀ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਸ਼ਰੇਆਮ ਖੁੱਲੀ ਜਗ੍ਹਾ ’ਤੇ ਸ਼ਰਾਬ ਪੀਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਇਹ ਸਾਰੇ ਮਾਮਲੇ ਦਰਸਾਉਂਦੇ ਹਨ ਕਿ ਲੁਧਿਆਣਾ ਵਿੱਚ ਨਸ਼ਿਆਂ ਦਾ ਜਾਲ ਕਿੰਨਾ ਫੈਲ ਚੁੱਕਾ ਹੈ, ਪਰ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕਰ ਕੇ ਇਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਾਰੀ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਰੇ ਮਾਮਲਿਆਂ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।