ਕਵੀਸ਼ਰ ਪ੍ਰੀਤ ਸੰਦਲ ਮਕਸੂਦੜਾ ਨੇ ਕੀਤੀ ਆਤਮਹੱਤਿਆ,
ਕਵੀਸ਼ਰ ਪ੍ਰੀਤ ਸੰਦਲ ਮਕਸੂਦੜਾ ਨੇ ਕੀਤੀ ਆਤਮ ਹੱਤਿਆ
Publish Date: Fri, 01 May 2026 09:06 PM (IST)
Updated Date: Sat, 02 May 2026 04:14 AM (IST)

ਪੀ 19 : ਕਵੀਸ਼ਰ ਪ੍ਰੀਤ ਸੰਦਲ ਮਕਸੂਦੜਾ । ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾੜਾ ਸਾਹਿਬ : ਧਮਕੀਆਂ ਮਿਲਣ ਤੋਂ ਦੁਖੀ ਹੋ ਕੇ ਨੇੜਲੇ ਪਿੰਡ ਮਕਸੂਦੜਾ ਵਾਸੀ ਕਵੀਸ਼ਰ ਹਰਪ੍ਰੀਤ ਸਿੰਘ ਪ੍ਰੀਤ ਸੰਦਲ ਨੇ ਆਤਮਹੱਤਿਆ ਕਰ ਲਈ। ਪੁਲਿਸ ਨੇ ਬਰਾਮਦ ਹੋਈ ਸੁਸਾਇਡ ਨੋਟ ਦੇ ਆਧਾਰ ’ਤੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਪ੍ਰੀਤ ਸੰਦਲ ਦੀ ਪਤਨੀ ਚਰਨਜੀਤ ਕੌਰ ਨੇ ਪੁਲਿਸ ਨੂੰ ਆਤਮਹੱਤਿਆ ਤੋਂ ਪਹਿਲਾ ਲਿਖਿਆ ਸੁਸਾਇਡ ਨੋਟ ਦਿੱਤਾ ਹੈ। ਜਿਸ ’ਚ ਪ੍ਰੀਤ ਸੰਦਲ ਨੇ ਲਿਖਿਆ ਹੈ ਕਿ ਉਸ ਦੀ ਪੁੱਤਰੀ ਅਨਮੋਲਪ੍ਰੀਤ ਕੌਰ ਨੇ ਆਈਲੈਟਸ ਕੀਤੀ ਸੀ ਤੇ ਜਸਕਰਨ ਸਿੰਘ ਨੇ ਕੈਨੇਡਾ ਜਾਣ ਲਈ ਵੀਜ਼ਾ ਲਗਵਾਉਣ ਲਈ ਸਾਰਾ ਖਰਚਾ ਕੀਤਾ। ਉਸ ਦੀ ਧੀ ਨੇ ਕੈਨੇਡਾ ਜਾ ਕੇ ਦੋ ਵਾਰ ਜਸਕਰਨ ਸਿੰਘ ਨੂੰ ਪੇਪਰ ਭੇਜੇ ਪਰ ਜਸਕਰਨ ਸਿੰਘ ਦਾ ਵੀਜ਼ਾ ਨਾ ਲੱਗਾ। ਫਿਰ ਜਸਕਰਨ ਸਿੰਘ ਦੇ ਘਰਦਿਆਂ ਨੇ ਕੈਨੇਡਾ ਵਿਖੇ ਰਹਿ ਰਹੀ ਪੀਆਰ ਕੁੜੀ ਨਾਲ ਵਿਆਹ ਦੀ ਗੱਲ ਕਰ ਲਈ। ਫਿਰ ਉਸ ਦੀ ਧੀ ਨੂੰ ਕਥਿਤ ਤੌਰ ਤੇ ਧਮਕਾਉਣ ਲੱਗੇ ਕਿ ਜਸਕਰਨ ਸਿੰਘ ਨੇ ਕੈਨੇਡਾ ਨਹੀਂ ਆਉਣਾ, ਇਸ ਲਈ ਉਸ ਦੇ ਪੈਸੇ ਵਾਪਸ ਕਰੋ। ਜਦੋਂ ਉਸ ਦੀ ਪੁੱਤਰੀ ਨੂੰ ਵਾਰ-ਵਾਰ ਧਮਕਾਇਆ ਤਾਂ ਉਸ ਨੇ ਕਾਲਜ ਜਾਣਾ ਬੰਦ ਕਰ ਦਿੱਤਾ। ਫਿਰ ਜਸਕਰਨ ਸਿੰਘ ਤੇ ਉਸ ਦੇ ਫੁੱਫੜ ਸਤਿਕਾਰ ਸਿੰਘ ਨੇ ਪਹਿਲਾ ਤਾਂ ਆਪ ਉਸ ਨੂੰ ਕਥਿਤ ਤੌਰ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਗੈਂਗਸਟਰਾਂ ਤੋਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਦੋ ਦਿਨ ਪਹਿਲਾ ਕਸਬਾ ਬੀਜਾ ਬੁਲਾ ਕੇ ਹਥਿਆਰਬੰਦ ਤੋਂ ਧਮਕੀ ਦਿਵਾਈ ਕਿ ਜੇਕਰ ਪਰਸੋ ਤੱਕ ਜਾਂ ਤਾਂ ਜਸਕਰਨ ਹੋਰਾਂ ਦਾ ਹਿਸਾਬ ਕਰਦੇ, ਨਹੀਂ ਤਾਂ ਅਸੀਂ ਤੈਨੂੰ ਤੇ ਤੇਰੀ ਧੀ ਅਨਮੋਲ ਨੂੰ ਨਿਪਟਾ ਦਿਆਂਗੇ। ਉਨ੍ਹਾਂ ਅੱਗੇ ਲਿਖਿਆ ਕਿ ਉਹ ਆਪਣੀ ਪੁੱਤਰੀ ਅਨਮੋਲ ਦਾ ਨੁਕਸਾਨ ਹੁੰਦਾ ਨਹੀਂ ਵੇਖ ਸਕਦਾ, ਇਸ ਕਰ ਕੇ ਉਹ ਆਤਮਹੱਤਿਆ ਕਰਨ ਲਈ ਮਜਬੂਰ ਹੈ। ਸੁਸਾਈਡ ਨੋਟ ਦੇ ਆਧਾਰ ’ਤੇ ਪਾਇਲ ਪੁਲਿਸ ਨੇ ਜਸਕਰਨ ਸਿੰਘ ਵਾਸੀ ਜੱਬੋਵਾਲ ਜ਼ਿਲ੍ਹਾ ਅੰਮ੍ਰਿਤਸਰ, ਸਤਿਕਾਰ ਸਿੰਘ ਵਾਸੀ ਪਿੰਡ ਨਵਾਂ ਚੰਦਨਕੇ ਜ਼ਿਲ੍ਹਾ ਅੰਮ੍ਰਿਤਸਰ ਤੇ ਕੰਵਲਜੀਤ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ ਧਾਰਾ 108, 351(2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਹਰਪ੍ਰੀਤ ਸਿੰਘ ਪ੍ਰੀਤ ਸੰਦਲ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਮਕਸੂਦੜਾ ਵਿਖੇ ਕੀਤਾ ਗਿਆ ਹੈ।