ਨੋਟ-ਫਾਈਲ ਨੰਬਰ 3 ਦੇ ਸਥਾਨ ਤੇ ਇਹ ਫਾਈਲ ਲਾਉਣਾ ਜੀ

-ਮਾਈਨਿੰਗ ਬੰਦ ਨਾ ਕਰਨ ’ਤੇ ਵੱਡੇ ਵਿਰੋਧ ਪ੍ਰਦਰਸ਼ਨ ਦੀ ਦਿੱਤੀ ਚੇਤਾਵਨੀ
---
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਲਗਭਗ 50 ਪਿੰਡਾਂ ਦੇ 25 ਸਰਪੰਚਾਂ ਅਤੇ ਨੁਮਾਇੰਦਿਆਂ ਨਾਲ ਅੱਜ ਭਾਜਪਾ ਪੰਜਾਬ ਰਾਜ ਦੇ ਬੁਲਾਰੇ ਤੇ ਉੱਘੇ ਸਮਾਜਸੇਵੀ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਸ਼ੂ ਜੈਨ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ।
ਬਲੀਆਵਾਲ ਨੇ ਭਾਜਪਾ ਦੇ ਸਰਕਲ ਪ੍ਰਧਾਨ ਸੂਰਜ ਪੋਰਚੇ, ਸੰਦੀਪ ਠਾਕੁਰ, ਹੀਰਾ ਸਿੰਘ ਸਰਪੰਚ ਚੂੜਵਾਲ, ਜਸਵਿੰਦਰ ਸਿੰਘ ਜੱਸਾ ਸਰਪੰਚ ਜਮਾਲਪੁਰ ਲੇਲੀ, ਹਰਜਿੰਦਰ ਸਿੰਘ ਸਰਪੰਚ ਸਾਧੂ ਸਿੰਘ ਨਗਰ, ਅਵਤਾਰ ਸਿੰਘ ਸਰਪੰਚ ਕਨਿਕਾ, ਕੁਲਦੀਪ ਸਰਪੰਚ, ਸਰਪੰਚ ਰਾਜ ਸਿੰਘ, ਸਰਪੰਚ ਬਲਜੀਤ ਸਿੰਘ, ਜਸਪ੍ਰੀਤ ਸਿੰਘ ਸਰਪੰਚ ਢੇਰੀ, ਸੁਖਵੀਰ ਸਿੰਘ ਸਰਪੰਚ, ਸੁਜਾਤਵਾਲਾ ਅਲਕਾ ਸਰਪੰਚ, ਹਰਕ੍ਰਿਸ਼ਨ ਵਿਹਾਰ ਜਸਬੀਰ ਕੌਰ ਮਾਛੀਆਂ ਕਲਾਂ, ਪਰਮਜੀਤ ਕੌਰ ਸਰਪੰਚ ਸੱਤੋਵਾਲ, ਕਰਮ ਸਿੰਘ ਸਰਪੰਚ ਸਸਰਾਲੀ, ਹਰਪਾਲ ਸਿੰਘ ਸਰਪੰਚ ਜਗੀਰਪੁਰ, ਕਮਾਲ ਦਾਸ ਸਰਪੰਚ ਚੰਚਮਾਰ ਕਾਲੋਨੀ, ਜੋਨੀ ਸਰਪੰਚ ਰਾਵਤ, ਕੁਲਜੀਤ ਕੌਰ ਸਰਪੰਚ ਨੂਰਵਾਲਾ, ਰਾਣੀ ਕੌਰ ਸਰਪੰਚ ਗੌਤਮ ਕਾਲੋਨੀ, ਭਿੰਡੂ ਸਰਪੰਚ ਸੁਰਜੀਤ ਕਾਲੋਨੀ, ਗੁਰਪ੍ਰੀਤ ਸਿੰਘ ਸਰਪੰਚ ਖਵਾਜਕੇ, ਹਰਦੀਪ ਕੌਰ ਨਾਮਦੇਵ ਕਾਲੋਨੀ, ਪੰਨੂੰ ਗੁੱਜਰ ਸਰਪੰਚ ਸੁਰਜੀਤ ਕਲੋਨੀ ਦੀ ਹਾਜ਼ਰੀ ਵਿੱਚ ਦੋਸ਼ ਲਾਇਆ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਖਤਮ ਕਰਨ ਦੇ 'ਆਪ' ਦੇ ਵਾਅਦਿਆਂ ਦੇ ਬਾਵਜੂਦ, ਸਰਕਾਰ ਦੀ ਨਿਗਰਾਨੀ ਹੇਠ ਦਿਨ-ਰਾਤ ਮਾਈਨਿੰਗ ਗਤੀਵਿਧੀਆਂ ਖੁੱਲ੍ਹੇਆਮ ਜਾਰੀ ਹਨ। ਬਲੀਆਵਾਲ ਨੇ ਕਿਹਾ ਕਿ ਰਿਹਾਇਸ਼ੀ ਕਲੋਨੀਆਂ ਅਤੇ ਖੇਤੀਬਾੜੀ ਵਾਲੀ ਜ਼ਮੀਨ ਦੇ ਨੇੜੇ ਵੱਡੇ ਪੱਧਰ 'ਤੇ ਮਾਈਨਿੰਗ ਹੋਣ ਕਾਰਨ ਪਿੰਡਾਂ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਲਗਾਤਾਰ ਡਰ ਦੇ ਸਾਏ ਹੇਠ ਜੀਅ ਰਹੇ ਹਨ। ਉਨ੍ਹਾਂ ਅੱਗੇ ਚੇਤਾਵਨੀ ਦਿੱਤੀ ਕਿ ਦਰਿਆਈ ਖੇਤਰਾਂ ਦੇ ਨੇੜੇ ਬੇਰੋਕ ਮਾਈਨਿੰਗ ਮਾਨਸੂਨ ਦੇ ਮੌਸਮ ਦੌਰਾਨ ਹੜ੍ਹ ਵਰਗੀ ਸਥਿਤੀ ਪੈਦਾ ਕਰ ਸਕਦੀ ਹੈ ਅਤੇ ਨੇੜਲੇ ਪਿੰਡਾਂ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਗੰਭੀਰ ਜੋਖਮ ਵਿੱਚ ਪਾ ਸਕਦੀ ਹੈ। ਬਲੀਏਵਾਲ ਨੇ ਕਿਹਾ ਕਿ ਲਗਭਗ 50 ਪਿੰਡਾਂ ਦੇ ਵਸਨੀਕ ਮਾਈਨਿੰਗ ਮਾਫੀਆ ਵਿਰੁੱਧ ਇੱਕਜੁੱਟ ਹੋ ਗਏ ਹਨ ਅਤੇ ਪੰਜਾਬ ਸਰਕਾਰ 'ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ "ਪੰਜਾਬ ਦੇ ਲੋਕਾਂ ਨਾਲ ਸਾਫ਼-ਸੁਥਰੇ ਸ਼ਾਸਨ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਗੈਰ-ਕਾਨੂੰਨੀ ਮਾਈਨਿੰਗ ਖੁੱਲ੍ਹੇਆਮ ਵਧ ਰਹੀ ਹੈ।"
ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਬਲੀਏਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਫਲ ਰਹਿੰਦੀ ਹੈ, ਤਾਂ ਪਿੰਡ ਵਾਸੀ ਭਾਜਪਾ ਵਰਕਰਾਂ ਅਤੇ ਪੰਚਾਇਤ ਪ੍ਰਤੀਨਿਧੀਆਂ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਇੱਕ ਸਥਾਈ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨਗੇ।