ਨੋਟ-11 ਨੰਬਰ ਫ਼ਾਈਲ ਰੱਦ ਕਰਕੇ ਇਹ ਖ਼ਬਰ ਲਗਾ ਦੇਣਾ ਜੀ।

-ਇਕ ਨੌਜਵਾਨ ਦੀ ਲੱਤ ਕੁਚਲੀ ਗਈ, ਕਈ ਹੋਰ ਹੋਏ ਜ਼ਖ਼ਮੀ
---
ਸੁਸ਼ੀਲ ਕੁਮਾਰ ਸ਼ਸ਼ੀ, ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਐਨਐਚ-44 ‘ਤੇ ਸਮਰਾਲਾ ਚੌਂਕ ਫਲਾਈਓਵਰ ਤੋਂ ਸ਼ੇਰਪੁਰ ਤੱਕ ਸ਼ਨੀਵਾਰ ਉਸ ਵੇਲੇ ਹਾਹਾਕਾਰ ਮਚ ਗਈ ਜਦੋਂ ਇੱਕ ਤੇਜ਼ ਰਫ਼ਤਾਰ ਅਤੇ ਬੇਕਾਬੂ ਟਰਾਲੇ ਨੇ ਕਰੀਬ 300 ਮੀਟਰ ਦੇ ਦਾਇਰੇ ਵਿੱਚ ਕਈ ਵਾਹਨਾਂ ਨੂੰ ਟੱਕਰਾਂ ਮਾਰਦਿਆਂ ਤਬਾਹੀ ਦਾ ਮੰਜ਼ਰ ਖੜ੍ਹਾ ਕਰ ਦਿੱਤਾ। ਇਸ ਭਿਆਨਕ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੋਏ, ਜਦਕਿ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਸਭ ਤੋਂ ਗੰਭੀਰ ਰੂਪ ਵਿੱਚ 19 ਸਾਲਾ ਨੌਜਵਾਨ ਮੋਹਿਤ ਜ਼ਖ਼ਮੀ ਹੋਇਆ, ਜਿਸ ਦੀ ਲੱਤ ਉੱਤੇ ਟਰਾਲੇ ਦਾ ਪਹੀਆ ਚੜ੍ਹ ਜਾਣ ਕਾਰਨ ਹੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ।
ਜ਼ਖ਼ਮੀ ਮੋਹਿਤ ਪੁੱਤਰ ਉਮੇਸ਼ ਪ੍ਰਜਾਪਤੀ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਨੂੰ ਫਰੀਦਾਬਾਦ ਤੋਂ ਲੁਧਿਆਣਾ ਆਪਣੇ ਫੂਫੜ ਦੇ ਘਰ ਰਾਮਗੜ੍ਹ ਆਇਆ ਸੀ। ਢੰਡਾਰੀ ਰੇਲਵੇ ਸਟੇਸ਼ਨ ਤੋਂ ਉਸ ਨੇ ਰੈਪਿਡੋ ਬਾਈਕ ਬੁੱਕ ਕੀਤੀ ਸੀ। ਰੈਪਿਡੋ ਚਾਲਕ ਅਜੈ ਉਸ ਨੂੰ ਰਾਮਗੜ੍ਹ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਹੀਰਾ ਨਗਰ ਰੋਡ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆਏ ਬੇਕਾਬੂ ਟਰਾਲੇ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਬਾਈਕ ਚਾਲਕ ਅਜੈ ਸੜਕ ਕਿਨਾਰੇ ਜਾ ਡਿੱਗਿਆ, ਜਦਕਿ ਮੋਹਿਤ ਸੜਕ ਦੇ ਵਿਚਕਾਰ ਜਾ ਡਿੱਗਿਆ ਅਤੇ ਟਰਾਲੇ ਦਾ ਪਹੀਆ ਉਸ ਦੀ ਲੱਤ ਉੱਤੇ ਤੋਂ ਲੰਘ ਗਿਆ। ਹਾਦਸੇ ਵਿੱਚ ਅਜੈ ਨੂੰ ਵੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਦੌਰਾਨ ਈ-ਰਿਕਸ਼ਾ ਚਾਲਕ ਤਾਰਕੇਸ਼ਵਰ ਪਾਂਡੇ ਵੀ ਟਰਾਲੇ ਦੀ ਚਪੇਟ ਵਿੱਚ ਆ ਗਿਆ। ਉਹ ਸਵਾਰੀਆਂ ਕਮਲੇਸ਼ ਅਤੇ ਅਜੈ ਨੂੰ ਢੰਡਾਰੀ ਰੇਲਵੇ ਸਟੇਸ਼ਨ ਛੱਡਣ ਜਾ ਰਿਹਾ ਸੀ। ਟਰਾਲੇ ਨੇ ਉਸ ਦੇ ਈ-ਰਿਕਸ਼ਾ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੇ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਵਿੱਚ ਨਵੀਂ ਸਕਾਰਪੀਓ-ਐਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਹਾਲਾਂਕਿ ਉਸ ਵਿੱਚ ਸਵਾਰ ਲੋਕ ਵਾਲ-ਵਾਲ ਬਚ ਗਏ। ਬੇਕਾਬੂ ਟਰਾਲੇ ਨੇ ਸੜਕ ਕਿਨਾਰੇ ਲੱਗੇ ਖੰਭਿਆਂ ਅਤੇ ਹੋਰ ਢਾਂਚਿਆਂ ਨੂੰ ਵੀ ਨੁਕਸਾਨ ਪਹੁੰਚਾਇਆ। ਟੱਕਰਾਂ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕੁੱਝ ਸਮੇਂ ਲਈ ਹਾਈਵੇ ਉੱਤੇ ਭਗਦੜ ਵਰਗੇ ਹਾਲਾਤ ਪੈਦਾ ਹੋ ਗਏ।
ਹਾਦਸੇ ਤੋਂ ਬਾਅਦ ਸੜਕ ਉੱਤੇ ਨੁਕਸਾਨੇ ਗਏ ਵਾਹਨਾਂ ਦਾ ਮਲਬਾ ਖਿਲਰ ਗਿਆ, ਜਿਸ ਕਾਰਨ ਸਮਰਾਲਾ ਚੌਂਕ, ਸ਼ੇਰਪੁਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਦਿੱਲੀ-ਜੰਮੂ ਨੈਸ਼ਨਲ ਹਾਈਵੇ ਉੱਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਘੰਟਿਆਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਾਮ ਕਾਰਨ ਦਫ਼ਤਰੀ ਕਰਮਚਾਰੀ, ਯਾਤਰੀ ਅਤੇ ਐਮਰਜੈਂਸੀ ਵਾਹਨਾਂ ਨੂੰ ਵੀ ਕਾਫ਼ੀ ਦਿੱਕਤਾਂ ਪੇਸ਼ ਆਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰਾਲਾ ਚਾਲਕ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਬੇਧਿਆਨੀ ਨਾਲ ਵਾਹਨ ਚਲਾ ਰਿਹਾ ਸੀ, ਜਿਸ ਕਾਰਨ ਇਹ ਸਥਿਤੀ ਪੈਦਾ ਹੋਈ। ਇਸ ਦੌਰਾਨ ਮੌਕੇ ’ਤੇ ਡਿਊਟੀ ਨਿਭਾ ਰਹੇ ਟਰੈਫਿਕ ਅਧਿਕਾਰੀ ਹੌਲਦਾਰ ਉਜਾਗਰ ਸਿੰਘ ਨੇ ਭਾਰੀ ਦਬਾਅ ਅਤੇ ਚੁਣੌਤੀਆਂ ਦੇ ਬਾਵਜੂਦ ਟਰੈਫਿਕ ਨੂੰ ਸੰਭਾਲਣ ਲਈ ਕਾਫ਼ੀ ਮਿਹਨਤ ਕੀਤੀ। ਉਨ੍ਹਾਂ ਵੱਲੋਂ ਵਿਕਲਪਿਕ ਰੂਟਾਂ ਰਾਹੀਂ ਵਾਹਨਾਂ ਨੂੰ ਮੋੜ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਹੌਲੀ-ਹੌਲੀ ਆਵਾਜਾਈ ਨੂੰ ਨਿਰਵਿਘਨ ਬਣਾਇਆ ਗਿਆ। ਪੁਲਿਸ ਵੱਲੋਂ ਟਰਾਲਾ ਚਾਲਕ ਨੂੰ ਕਾਬੂ ਕਰ ਟਰਾਲਾ ਚਾਲਕ ਦੀ ਮੈਡੀਕਲ ਜਾਂਚ ਸਮੇਤ ਕਾਨੂੰਨੀ ਕਾਰਵਾਈ ਦੀ ਪਰਕਰਿਆ ਸ਼ੁਰੂ ਕਰ ਦਿੱਤੀ ਗਈ ਹੈ।
---
ਪੁਲਿਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ
ਘਟਨਾ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ, ਹਾਈਵੇ ਅਥਾਰਟੀ ਅਤੇ ਮੋਤੀ ਨਗਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾ ਦਿੱਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚਾਲਕ ਦੀ ਭੂਮਿਕਾ ਸਬੰਧੀ ਵੀ ਤਫ਼ਤੀਸ਼ ਜਾਰੀ ਹੈ।
---
ਨਸ਼ੇ ਦੀ ਹਾਲਤ ਵਿੱਚ ਸੀ ਟਰਾਲਾ ਚਾਲਕ
ਹਾਦਸੇ ਵਾਲੀ ਥਾਂ ਤੇ ਮੌਜੂਦ ਲੋਕਾਂ ਅਨੁਸਾਰ ਟਰਾਲਾ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਦੇ ਚਲਦੇ ਉਸ ਦਾ ਟਰੱਕ ਬੇਕਾਬੂ ਹੋ ਗਿਆ ਸੀ । ਰੈਪਿਡੋ ਚਾਲਕ ਅਜੈ ਨੇ ਦੱਸਿਆ ਕਿ ਟਰਾਲਾ ਚਾਲਕ ਸਾਹਮਣੇ ਆਉਣ ਵਾਲੇ ਹਰ ਵਾਹਨ ਨੂੰ ਟੱਕਰ ਮਾਰਦਾ ਅੱਗੇ ਵਧਦਾ ਗਿਆ। ਕਰੀਬ 300 ਮੀਟਰ ਦੇ ਦਾਇਰੇ ਵਿੱਚ ਉਸ ਨੇ ਤਿੰਨ ਮੋਟਰਸਾਈਕਲਾਂ, ਇੱਕ ਟੈਂਪੋ, ਇੱਕ ਈ-ਰਿਕਸ਼ਾ ਅਤੇ ਟੈਸਟ ਡਰਾਈਵ ਲਈ ਨਿਕਲੀ ਨਵੀਂ ਸਕਾਰਪੀਓ-ਐਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।