ਚੋਰੀ ਦੇ ਕੇਸ ਦਾ ਬਦਲਾ ਲੈਣ ਲਈ ਪਲਾਸਟਿਕ ਫੈਕਟਰੀ ਨੂੰ ਲਗਾਈ ਅੱਗ

ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ, ਅੱਗ ਲੱਗਣ ਕਾਰਨ ਇਲਾਕੇ ’ਚ ਫੈਲੀ ਸੀ ਦਹਿਸ਼ਤ
---
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੇ ਬਿਹਾਰੀ ਚੌਕ ਇਲਾਕੇ ਵਿੱਚ ਰੰਜਿਸ਼ ਅਤੇ ਬਦਲੇ ਦੀ ਭਾਵਨਾ ਨਾਲ ਜੁੜਿਆ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰੀ ਦੇ ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵੱਲੋਂ ਪਲਾਸਟਿਕ ਦਾ ਸਾਮਾਨ ਬਨਾਉਣ ਵਾਲੀ ਫੈਕਟਰੀ ਨੂੰ ਅੱਗ ਲਗਾਉਣ ਦੇ ਦੋਸ਼ ਲੱਗੇ ਹਨ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਪੂਰੀ ਫੈਕਟਰੀ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ ਅਤੇ ਦੇਖਦੇ ਹੀ ਦੇਖਦੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ, ਜਦਕਿ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਕ ਆਜ਼ਾਦ ਨਗਰ, ਮਿਲਰ ਗੰਜ ਦੇ ਰਹਿਣ ਵਾਲੇ ਅਭਿਸ਼ੇਕ ਗਰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬਿਹਾਰੀ ਚੌਕ ਵਿੱਚ ਅਗਰਵਾਲ ਪਲਾਸਟਿਕ ਫੈਕਟਰੀ ਦੇ ਨਾਮ ਹੇਠ ਆਪਣਾ ਯੂਨਿਟ ਚਲਾ ਰਹੇ ਹਨ। ਉਨ੍ਹਾਂ ਮੁਤਾਬਕ 18 ਮਈ ਨੂੰ ਉਨ੍ਹਾਂ ਦੀ ਫੈਕਟਰੀ ਵਿੱਚ ਚੋਰੀ ਦੀ ਵਾਰਦਾਤ ਹੋਈ ਸੀ। ਇਸ ਮਾਮਲੇ ਵਿੱਚ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਪੁਲਿਸ ਵੱਲੋਂ ਜੱਗਾ ਅਤੇ ਰੰਗ ਬਹਾਦੁਰ ਨਾਮ ਦੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਪੀੜਤ ਅਨੁਸਾਰ ਕੇਸ ਦਰਜ ਹੋਣ ਤੋਂ ਬਾਅਦ ਦੋਵੇਂ ਮੁਲਜ਼ਮ ਲਗਾਤਾਰ ਉਨ੍ਹਾਂ ‘ਤੇ ਦਬਾਅ ਬਣਾਉਣ ਲੱਗ ਪਏ। ਉਹ ਵਾਰ-ਵਾਰ ਕੇਸ ਵਾਪਸ ਲੈਣ ਲਈ ਧਮਕੀਆਂ ਦੇ ਰਹੇ ਸਨ ਅਤੇ ਕਹਿੰਦੇ ਸਨ ਕਿ ਜੇਕਰ ਸ਼ਿਕਾਇਤ ਵਾਪਸ ਨਾ ਲਈ ਗਈ ਤਾਂ ਉਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਅਭਿਸ਼ੇਕ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਧਮਕੀਆਂ ਕਾਰਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਸਮੇਂ ਤੋਂ ਡਰ ਦੇ ਸਾਏ ਹੇਠ ਜੀ ਰਹੇ ਸਨ।
ਇਸੇ ਦੌਰਾਨ ਬੀਤੇ ਦਿਨੀਂ 2 ਵਜੇ ਤੋਂ 4 ਵਜੇ ਦੇ ਵਿਚਕਾਰ ਅਚਾਨਕ ਫੈਕਟਰੀ ਵਿੱਚ ਅੱਗ ਲੱਗ ਗਈ। ਉਸ ਸਮੇਂ ਫੈਕਟਰੀ ਅੰਦਰ ਵੱਡੀ ਮਾਤਰਾ ਵਿੱਚ ਪਲਾਸਟਿਕ ਦਾ ਤਿਆਰ ਸਮਾਨ, ਕੱਚਾ ਮਾਲ ਅਤੇ ਹੋਰ ਜਲਣਸ਼ੀਲ ਪਦਾਰਥ ਪਏ ਹੋਏ ਸਨ। ਪਲਾਸਟਿਕ ਅਤੇ ਰਸਾਇਣਕ ਸਮੱਗਰੀ ਹੋਣ ਕਾਰਨ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰ ਲਿਆ। ਫੈਕਟਰੀ ਵਿੱਚੋਂ ਉੱਠ ਰਹੀਆਂ ਉੱਚੀਆਂ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦੇ ਗੁਬਾਰ ਦੂਰੋਂ ਹੀ ਨਜ਼ਰ ਆ ਰਹੇ ਸਨ। ਘਟਨਾ ਦੇ ਤੁਰੰਤ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਆਲੇ ਦੁਆਲੇ ਦੇ ਲੋਕ ਡਰਦੇ ਮਾਰੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ। ਕਈ ਲੋਕਾਂ ਨੇ ਆਪਣੇ ਪੱਧਰ ‘ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਬਹੁਤ ਤੇਜ਼ੀ ਨਾਲ ਫੈਲ ਚੁੱਕੀ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਬੁਝਾਉਣ ਦੌਰਾਨ ਫਾਇਰ ਕਰਮਚਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਫੈਕਟਰੀ ਵਿੱਚ ਪਿਆ ਪਲਾਸਟਿਕ ਅਤੇ ਹੋਰ ਜਲਣਸ਼ੀਲ ਸਮਾਨ ਲਗਾਤਾਰ ਅੱਗ ਨੂੰ ਹੋਰ ਭੜਕਾ ਰਿਹਾ ਸੀ। ਕਈ ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ, ਪਰ ਉਸ ਸਮੇਂ ਤੱਕ ਫੈਕਟਰੀ ਪੂਰੀ ਤਰ੍ਹਾਂ ਸੜ ਚੁੱਕੀ ਸੀ।
---
ਕਾਰੋਬਾਰੀ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ
ਫੈਕਟਰੀ ਮਾਲਕ ਅਭਿਸ਼ੇਕ ਗਰਗ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਪਸ਼ਟ ਤੌਰ ‘ਤੇ ਸ਼ੱਕ ਜਤਾਇਆ ਹੈ ਕਿ ਇਹ ਕੋਈ ਆਮ ਹਾਦਸਾ ਨਹੀਂ, ਸਗੋਂ ਇਕ ਸੋਚੀ-ਸਮਝੀ ਸਾਜ਼ਿਸ਼ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਚੋਰੀ ਦੇ ਕੇਸ ਦਾ ਬਦਲਾ ਲੈਣ ਅਤੇ ਉਨ੍ਹਾਂ ਨੂੰ ਡਰਾਉਣ ਲਈ ਹੀ ਮੁਲਜ਼ਮਾਂ ਨੇ ਫੈਕਟਰੀ ਨੂੰ ਅੱਗ ਲਗਵਾਈ ਹੈ। ਪੀੜਤ ਨੇ ਕਿਹਾ ਕਿ ਇਸ ਘਟਨਾ ਵਿੱਚ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ ਅਤੇ ਉਨ੍ਹਾਂ ਦੀ ਕਈ ਸਾਲਾਂ ਦੀ ਮਿਹਨਤ ਕੁਝ ਘੰਟਿਆਂ ਵਿੱਚ ਸੜ ਕੇ ਰਾਖ ਹੋ ਗਈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਜੱਗਾ ਅਤੇ ਰੰਗ ਬਹਾਦੁਰ ਖ਼ਿਲਾਫ਼ ਇਕ ਹੋਰ ਨਵਾਂ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਇਸ ਵੇਲੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਇਸ ਪਿੱਛੇ ਮੌਜੂਦ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾ ਸਕੇ।