ਸੜਕਾਂ ਤੇ ਕੰਪੈਕਟਰਾਂ ਕੰਢੇ ਲੱਗੇ ਕੂੜੇ ਦੇ ਢੇਰ ਬਣੇ ਸਿਰਦਰਦੀ
ਸੜਕਾਂ ਤੇ ਕੰਪੈਕਟਰਾਂ ਦੇ ਕਿਨਾਰੇ ਲੱਗੇ ਕੂੜੇ ਦੇ ਢੇਰ ਬਣੇ ਲੋਕਾਂ ਲਈ ਸਿਰ ਦਰਦ
Publish Date: Thu, 07 May 2026 10:27 PM (IST)
Updated Date: Fri, 08 May 2026 04:20 AM (IST)

ਦੁੱਗਰੀ ਰੋਡ ਤੇ ਦੱਖਣੀ ਬਾਈਪਾਸ ਇਲਾਕੇ ਵਿੱਚ ਗੰਦਗੀ ਕਾਰਨ ਵੱਧ ਰਿਹਾ ਬਿਮਾਰੀਆਂ ਦਾ ਖਤਰਾ --- ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਵਿੱਚ ਸਫਾਈ ਪ੍ਰਬੰਧਾਂ ਨੂੰ ਲੈ ਕੇ ਨਗਰ ਨਿਗਮ ਦੇ ਵੱਡੇ-ਵੱਡੇ ਦਾਵਿਆਂ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਅਤੇ ਕੰਪੈਕਟਰਾਂ ਦੇ ਆਲੇ-ਦੁਆਲੇ ਲੱਗ ਰਹੇ ਕੂੜੇ ਦੇ ਢੇਰ ਲੋਕਾਂ ਲਈ ਵੱਡੀ ਮੁਸੀਬਤ ਬਣਦੇ ਜਾ ਰਹੇ ਹਨ। ਖਾਸ ਕਰਕੇ ਬੱਸ ਸਟੈਂਡ ਵੱਲ ਜਾਂਦੇ ਪੁਲ ਦੇ ਨਾਲ ਸਥਿਤ ਚਤਰ ਸਿੰਘ ਪਾਰਕ ਨੇੜੇ ਅਤੇ ਦੁਗਰੀ ਰੋਡ ਦੇ ਨਾਲ ਬਣੇ ਕੰਪੈਕਟਰ ਅਤੇ ਦੁਗਰੀ ਸਥਿਤ ਸੀਆਰਪੀ ਵਾਲੇ ਫਲੈਟਾਂ ਵਾਲੀ ਸੜਕ ਅਤੇ ਦੱਖਣੀ ਬਾਈਪਾਸ ਦੇ ਨਾਲ ਬਣੀ ਗਰੀਨ ਬੈਲਟ ਵਿੱਚ ਦਿਨੋ-ਦਿਨ ਵੱਧ ਰਹੀ ਗੰਦਗੀ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੰਪੈਕਟਰਾਂ ਦੇ ਆਲੇ-ਦੁਆਲੇ ਹਰ ਸਮੇਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਕੂੜਾ ਸਮੇਂ ਸਿਰ ਨਾ ਚੁੱਕੇ ਜਾਣ ਕਾਰਨ ਇਥੇ ਬਦਬੂ ਫੈਲ ਰਹੀ ਹੈ, ਜਿਸ ਨਾਲ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ। ਗਰਮੀ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਖਰਾਬ ਹੋ ਰਹੇ ਹਨ, ਕਿਉਂਕਿ ਸੜਦੇ ਕੂੜੇ ਤੋਂ ਉੱਠ ਰਹੀ ਬਦਬੂ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਦੱਖਣੀ ਬਾਈਪਾਸ ਦੇ ਨਾਲ ਬਣੀ ਗਰੀਨ ਬੈਲਟ, ਹੁਣ ਗੰਦਗੀ ਦੇ ਢੇਰਾਂ ਅਤੇ ਨਾਜਾਇਜ਼ ਕਬਜਿਆਂ ਵਿੱਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਲੋਕਾਂ ਵੱਲੋਂ ਘਰੇਲੂ ਕੂੜਾ, ਪਲਾਸਟਿਕ, ਮਲਬਾ ਅਤੇ ਹੋਰ ਗੰਦਗੀ ਖੁੱਲ੍ਹੇਆਮ ਇਥੇ ਸੁੱਟੀ ਜਾ ਰਹੀ ਹੈ। ਕਈ ਥਾਵਾਂ ਤੇ ਕੂੜੇ ਨੂੰ ਅੱਗ ਵੀ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕੂੜੇ ਦੇ ਢੇਰਾਂ ਕਾਰਨ ਮੱਛਰ ਅਤੇ ਆਵਾਰਾ ਪਸ਼ੂਆਂ ਦੀ ਗਿਣਤੀ ਵੀ ਵੱਧ ਰਹੀ ਹੈ। ਆਵਾਰਾ ਕੁੱਤੇ ਅਤੇ ਗਾਂਵਾਂ ਕੂੜੇ ਵਿੱਚੋਂ ਖਾਣ ਵਾਲੀਆਂ ਚੀਜ਼ਾਂ ਲੱਭਦੇ ਰਹਿੰਦੇ ਹਨ, ਜਿਸ ਨਾਲ ਸੜਕਾਂ ਤੇ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਗਿਆ। --- ਨਗਰ ਨਿਗਮ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਸਥਾਨਕ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸੁੰਦਰਤਾ ਅਤੇ ਸਫਾਈ ਨੂੰ ਬਣਾਈ ਰੱਖਣ ਲਈ ਨਗਰ ਨਿਗਮ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਕੰਪੈਕਟਰਾਂ ਦੇ ਆਲੇ-ਦੁਆਲੇ ਨਿਯਮਿਤ ਸਫਾਈ, ਕੂੜੇ ਦੀ ਸਮੇਂ ਸਿਰ ਲਿਫਟਿੰਗ ਅਤੇ ਗਰੀਨ ਬੈਲਟਾਂ ਵਿੱਚ ਗੰਦਗੀ ਸੁੱਟਣ ਵਾਲਿਆਂ ਖ਼ਿਲਾਫ਼ ਜੁਰਮਾਨੇ ਲਗਾਏ ਜਾਣ ਚਾਹੀਦੇ ਹਨ। ਇਸ ਦੇ ਨਾਲ ਲੋਕਾਂ ਨੂੰ ਵੀ ਸਫਾਈ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਸ਼ਹਿਰ ਨੂੰ ਗੰਦਗੀ ਤੋਂ ਬਚਾਇਆ ਜਾ ਸਕੇ। ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਸਫਾਈ ਪ੍ਰਬੰਧ ਠੀਕ ਨਾ ਕੀਤੇ ਗਏ ਤਾਂ ਉਹ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਲੋਕਾਂ ਦੀ ਮੰਗ ਹੈ ਕਿ ਮਹਾਨਗਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸਿਰਫ਼ ਕਾਗਜ਼ੀ ਦਾਅਵੇ ਨਹੀਂ, ਸਗੋਂ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਕਾਰਵਾਈ ਵੀ ਕੀਤੀ ਜਾਵੇ।