ਗੀਤਾ ਕਾਲੋਨੀ ’ਚ ਖੁੱਲ੍ਹਣ ਜਾ ਰਹੀ ਡੇਅਰੀ ਦਾ ਵਿਰੋਧ
ਜਗਰਾਓਂ ਦੀ ਗੀਤਾ ਕਲੋਨੀ ਖੁੱਲ੍ਹਣ ਜਾ ਰਹੀ ਡੇਅਰੀ ਦਾ ਲੋਕਾਂ ਵੱਲੋਂ ਵਿਰੋਧ
Publish Date: Mon, 04 May 2026 08:52 PM (IST)
Updated Date: Tue, 05 May 2026 04:17 AM (IST)

ਈਓ ਨੇ ਦਿੱਤਾ ਭਰੋਸਾ ‘ਨਹੀਂ ਚੱਲੇਗੀ ਆਬਾਦੀ ਵਿਚ ਡੇਅਰੀ’ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਗੀਤਾ ਕਲੋਨੀ ਵਿਚ ਖੋਲੀ ਜਾ ਰਹੀ ਪਸ਼ੂਆਂ ਦੀ ਡੇਅਰੀ ਦੇ ਵਿਰੋਧ ਵਿਚ ਅੱਜ ਮੁਹੱਲੇ ਦੇ ਵੱਡੇ ਇਕੱਠ ਨੇ ਕਾਰਵਾਈ ਲਈ ਨਗਰ ਕੌਂਸਲ ਦੇ ਈਓ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਸੌਂਪੇ। ਜਿਸ ’ਤੇ ਈਓ ਮੋਹਿਤ ਸ਼ਰਮਾ ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਆਬਾਦੀ ਵਿਚ ਡੇਅਰੀ ਨਿਯਮਾਂ ਦੇ ਉਲਟ ਹੀ ਨਹੀਂ, ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਜਿਸ ਦੇ ਚੱਲਦਿਆਂ ਡੇਅਰੀ ਲੱਗਣ ਦੀ ਕੋਈ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਮੁਹੱਲਾ ਵਾਸੀਆਂ ਦੀ ਸ਼ਿਕਾਇਤ ’ਤੇ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਸਥਾਨਕ ਨਗਰ ਕੌਂਸਲ ਵਿਖੇ ਸ਼ਿਕਾਇਤ ਲੈ ਕੇ ਪੁੱਜੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਗੀਤਾ ਕਲੋਨੀ ਗਲੀ ਨੰਬਰ 3 ਦੇ ਵਸਨੀਕ ਹਨ। ਇਸ ਗਲੀ ਵਿਚ ਅਨੰਦਪੁਰੀਆ ਕੁਟੀਆ ਨੇੜੇ ਇੱਕ ਵਿਅਕਤੀ ਵੱਲੋਂ ਪਸ਼ੂਆਂ ਦੀ ਡੇਅਰੀ ਖੋਲ੍ਹੀ ਜਾ ਰਹੀ ਹੈ, ਜੋ ਨਿਯਮਾਂ ਦੇ ਉਲਟ ਹੈ। ਉਨ੍ਹਾਂ ਦੱਸਿਆ ਕਿ ਭਰੀ ਆਬਾਦੀ ਵਿਚ ਇਸ ਡੇਅਰੀ ਦੇ ਖੁੱਲ੍ਹਣ ਨਾਲ ਜਿੱਥੇ ਰਹਿਣਾ ਦੁਰਬਰ ਹੋ ਜਾਵੇਗਾ, ਉਥੇ ਸੀਵਰੇਜ ਸਿਸਟਮ ਜਾਮ ਹੋ ਜਾਣਗੇ। ਜਿਸ ਨਾਲ 24 ਘੰਟੇ ਦੀ ਸਮੱਸਿਆ ਬਣ ਜਾਵੇਗੀ। ਇਸ ਸਮੱਸਿਆ ਦੇ ਚੱਲਦਿਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਉਨਾ ਹੀ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਡੇਅਰੀ ਦੇ ਵਿਰੋਧ ਵਿਚ ਅੱਜ ਉਹ ਸ਼ਿਕਾਇਤ ਦੇਣ ਆਏ ਹਨ। ਜੇ ਸ਼ਿਕਾਇਤ ’ਤੇ ਕਾਰਵਾਈ ਨਾ ਹੋਈ ਤਾਂ ਅਦਾਲਤ ਦਾ ਦਰਵਾਜਾ ਖੜਕਾਉਣਗੇ। ਇਸ ਮੌਕੇ ਈਓ ਮੋਹਿਤ ਸ਼ਰਮਾ ਨੇ ਕਿਹਾ ਕਿ ਨਿਯਮਾਂ ਦੇ ਉਲਟ ਆਬਾਦੀ ਵਾਲੇ ਇਲਾਕੇ ਵਿਚ ਡੇਅਰੀ ਨਹੀਂ ਚੱਲ ਸਕਦੀ।