ਈਜੀ ਰਜਿਸਟਰੀ ਸਕੀਮ ਨਾਲ ਲੋਕਾਂ ਦੀ ਹੋ ਰਹੀ ਸਮੇਂ ਤੇ ਪੈਸੇ ਦੀ ਬੱਚਤ

ਨਾਇਬ ਤਹਸੀਲਦਾਰ ਹਿਰਦੇਵੀਰ ਤੇ ਨਾਇਬ ਤਹਸੀਲਦਾਰ ਲਵਪ੍ਰੀਤ ਨੇ ਈਜੀ ਰਜਿਸਟਰੀ ਸਕੀਮ ਨੂੰ ਦੱਸਿਆ ਭ੍ਰਿਸ਼ਟਾਚਾਰ ਮੁਕਤ
---
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਜਮੀਨ ਦਾ ਵਸੀਕਾ ਰਜ਼ਿਸਟਰ ਕਰਵਾਉਣ ਲਈ ਸ਼ੁਰੂ ਕੀਤੀ ਗਈ ਈਜੀ ਰਜਿਸਟਰੀ ਸਕੀਮ ਜਿੱਥੇ ਲੋਕਾਂ ਲਈ ਲਾਹੇਵੰਦ ਹੈ, ਉੱਥੇ ਹੀ ਇਸ ਸਕੀਮ ਰਾਹੀਂ ਰਜਿਸਟਰੀ ਕਰਾਉਣ ਵਾਲੇ ਲਾਭਪਾਤਰੀ ਰਜਿਸਟਰੀ ਲਿਖਾਈ ਦੇ ਨਾ ਮਾਤਰ ਖਰਚੇ ਨਾਲ ਤਹਿਸੀਲ ਵਿੱਚ ਹੀ ਬੈਠੇ ਡੀਡ ਰਾਈਟਰਾਂ ਤੋਂ ਰਜਿਸਟਰੀ ਲਿਖਵਾ ਸਕਦੇ ਹਨ। ਇਹ ਜਾਣਕਾਰੀ ਲੁਧਿਆਣਾ ਪੂਰਬੀ ਤਹਿਸੀਲ ਦੇ ਸਬ-ਰਜਿਸਟਰ ਨਾਇਬ ਤਹਸੀਲਦਾਰ ਹਿਰਦੇਵੀਰ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸਾਂਝੀ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਈਜੀ ਰਜਿਸਟਰੀ ਸਕੀਮ ਨਾਲ ਲਾਭਪਾਤਰੀ ਜ਼ਿਲ੍ਹੇ ਦੇ ਕਿਸੇ ਵੀ ਰਜਿਸਟਰਾਰ ਦਫਤਰ ਵਿੱਚ ਜਾ ਕੇ ਰਜਿਸਟਰੀ ਕਰਵਾ ਸਕਦੇ ਹਨ ਬਸ਼ਰਤੇ ਉਨ੍ਹਾਂ ਦੀ ਰਜਿਸ਼ਟਰੀ ਤੇ ਉਨ੍ਹਾਂ ਦੇ ਇਲਾਕੇ ਦੇ ਰਜਿਸਟਰਾਰ ਵੱਲੋਂ ਰਜਿਸਟਰੀ ਕਰਵਾਉਣ ਵਾਲੇ ਕਾਗਜ਼ਾਂ ਤੇ ਵਸੀਕਾ ਤਸਦੀਕ ਕਰਨ ਸਬੰਧੀ ਕਮੈਂਟ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸਬੰਧਿਤ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੇ ਕਮੈਂਟ ਤੋਂ ਬਿਨ੍ਹਾਂ ਹੀ ਦੂਸਰੀਆਂ ਤਹਿਸੀਲਾਂ ਵਿੱਚ ਰਜਿਸਟਰੀ ਕਰਵਾਉਣ ਚਲੇ ਜਾਂਦੇ ਹਨ ਜਦ ਕਿ ਅਜਿਹਾ ਕਰਨ ਨਾਲ ਸਮਾਂ ਖਰਾਬ ਕਰਨ ਤੋਂ ਇਲਾਵਾ ਕੋਈ ਲਾਭ ਨਹੀਂ ਹੁੰਦਾ। ਨਾਇਬ ਤਹਿਸੀਲਦਾਰ ਹਿਰਦੇਵੀਰ ਸਿੰਘ ਨੇ ਕਿਹਾ ਕਿ ਕੰਪਿਊਟਰ ਵਿੱਚ ਰਜਿਸਟਰੀ ਨਾਲ ਸੰਬੰਧਿਤ ਡਾਟਾ ਅੱਪ ਲੋਡ ਹੋਣ ਤੋਂ ਬਾਅਦ ਲੋੜਵੰਦ ਵਿਅਕਤੀ ਰਜਿਸਟਰੀ ਕਰਵਾਉਣ ਵਾਲੇ ਦਿਨ ਹੀ ਰਜਿਸ਼ਟਰੀ ਦੀ ਵਾਪਸੀ ਲੈ ਸਕਦੇ ਹਨ ਤੇ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਾਡੇ ਨਾਲ ਸਿੱਧੇ ਤੌਰ ਤੇ ਰਾਬਤਾ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰੈਵਨਿਊ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਚਲਾਈ ਜਾ ਰਹੀ ਇਹ ਸਕੀਮ ਰਿਸ਼ਵਤ ਖੋਰੀ ਤੋਂ ਵੀ ਮੁਕਤ ਹੈ। ਨਾਇਬ ਤਹਿਸੀਲਦਾਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਨਗਰ ਵਿੱਚ ਸਥਿਤ ਪੂਰਬੀ ਤਹਿਸੀਲ ਦਾ ਦਫਤਰ 9 ਵਜੇ ਖੁੱਲ ਜਾਂਦਾ ਹੈ। ਤਹਿਸੀਲ ਦੇ ਮੁਲਾਜ਼ਮ ਸਮੇਂ ਸਿਰ ਦਫਤਰ ਆ ਕੇ ਲੋਕਾਂ ਦੇ ਤਹਿਸੀਲ ਨਾਲ ਸੰਬੰਧਿਤ ਕੰਮਾਂ ਨੂੰ ਨੇਪਰੇ ਚੜਨ ਵਿੱਚ ਲੱਗਦੇ ਹਨ ਕਿਉਕਿ ਉਹ ਇਸ ਲਈ ਪਬਲਿਕ ਨੂੰ ਜਵਾਬਦੇਹ ਹਨ। ਜੇਕਰ ਕਿਸੇ ਮੁਲਾਜ਼ਮ ਕਾਰਨ ਕਿਸੇ ਵਿਅਕਤੀ ਨੂੰ ਕੰਮ ਕਰਵਾਉਣ ਵਿੱਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨਾਂ ਦੇ ਨਾਲ ਰਜਿਸਟਰੀ ਕਲਰਕ ਹਰਮੇਲ ਸਿੰਘ, ਰਤਨ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ, ਰਾਜੇਸ਼ ਕੁਮਾਰ, ਰਣਜੀਤ ਸਿੰਘ ਕੰਗ ਤੋਂ ਇਲਾਵਾ ਈਜੀ ਰਜਿਸਟਰੀ ਸਕੀਮ ਦੇ ਮੁਲਾਜ਼ਮ ਸੰਜੀਵ ਕੁਮਾਰ, ਐਡਵੋਕੇਟ ਅੰਨੂ, ਅਮਨਪ੍ਰੀਤ ਕੌਰ ਅਤੇ ਸੇਵਾ ਮੁਕਤ ਕਾਨੂੰਨਗੋ ਸਤੀਸ਼ ਕੁਮਾਰ ਹਾਜ਼ਰ ਸਨ।