ਪੀਏਯੂ ਦਾ ਨਦੀਨਾਂ ਦੀ ਰੋਕਥਾਮ ਬਾਰੇ ਕੇਂਦਰ ਬਣਿਆ ਸਰਵੋਤਮ
ਪੀਏਯੂ ਦਾ ਨਦੀਨਾਂ ਦੀ ਰੋਕਥਾਮ ਬਾਰੇ ਕੇਂਦਰ ਬਣਿਆ ਸਰਵੋਤਮ
Publish Date: Wed, 20 May 2026 06:55 PM (IST)
Updated Date: Thu, 21 May 2026 04:07 AM (IST)

-ਪ੍ਰੋਜੈਕਟ ਦੀ 33ਵੀਂ ਸਲਾਨਾ ਮੀਟਿੰਗ ਦੌਰਾਨ ਪ੍ਰਦਾਨ ਕੀਤਾ ਗਿਆ ਐਵਾਰਡ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਫ਼ਸਲ ਵਿਗਿਆਨ ਵਿਭਾਗ ਵਿੱਚ ਜਾਰੀ ਨਦੀਨ ਪ੍ਰਬੰਧਨ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਕੇਂਦਰ ਨੂੰ ਸਾਲ 2025-26 ਲਈ ਦੇਸ਼ ਦਾ ਸਰਵੋਤਮ ਕੇਂਦਰ ਐਲਾਨਿਆ ਗਿਆ ਹੈ। ਪ੍ਰੋਜੈਕਟ ਦੀ 33ਵੀਂ ਸਲਾਨਾ ਮੀਟਿੰਗ ਦੌਰਾਨ ਇਹ ਐਵਾਰਡ ਕੇਂਦਰ ਨੂੰ ਪ੍ਰਦਾਨ ਕੀਤਾ ਗਿਆ। ਗਰੁੱਪ ਦੀ ਇਹ ਮੀਟਿੰਗ ਇੰਦਰਾ ਗਾਂਧੀ ਕ੍ਰਿਸ਼ੀ ਵਿਸ਼ਵਵਿਦਿਆਲਾ ਰਾਇਪੁਰ ਵਿਖੇ ਆਈਸੀਏਆਰ ਦੇ ਨਦੀਨ ਰੋਕਥਾਮ ਡਾਇਰੈਕਟੋਰੇਟ ਜਬਲਪੁਰ ਵੱਲੋਂ ਬੀਤੇ ਦਿਨੀਂ ਕਰਵਾਈ ਗਈ ਸੀ। ਮੀਟਿੰਗ ਦੇ ਉਦਘਾਟਨੀ ਸੈਸ਼ਨ ਵਿੱਚ ਆਈਸੀਏਆਰ ਦੇ ਉਪ ਨਿਰਦੇਸ਼ਕ ਜਨਰਲ ਡਾ. ਏਕੇ ਨਾਇਕ, ਡਾ. ਰਾਕੇਸ਼ ਕੁਮਾਰ, ਜਬਲਪੁਰ ਕੇਂਦਰ ਦੇ ਨਿਰਦੇਸ਼ਕ ਡਾ. ਜੇਐੱਸ ਮਿਸ਼ਰਾ ਅਤੇ ਇੰਦਰਾ ਗਾਂਧੀ ਕ੍ਰਿਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗਿਰੀਸ਼ ਚੰਦੇਲ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸਨ। ਪੀਏਯੂ. ਵੱਲੋਂ ਡਾ. ਪਰਵਿੰਦਰ ਕੌਰ ਅਤੇ ਡਾ. ਜਸਵੀਰ ਸਿੰਘ ਗਿੱਲ ਨੇ ਇਹ ਪੁਰਸਕਾਰ ਅਤੇ ਪ੍ਰਧਾਨਗੀ ਮੰਡਲ ਦੀ ਪ੍ਰਸ਼ੰਸ਼ਾ ਕਬੂਲ ਕੀਤੀ। ਇਸ ਪੁਰਸਕਾਰ ਨਾਲ ਖੋਜ ਪ੍ਰੋਜੈਕਟ ਤਹਿਤ ਪੀਏਯੂ. ਦੇ ਫਸਲ ਵਿਗਿਆਨ ਵਿਭਾਗ ਵੱਲੋਂ ਨਦੀਨਾਂ ਦੀ ਰੋਕਥਾਮ ਕਰਕੇ ਮੁੱਖ ਫ਼ਸਲਾਂ ਰਾਹੀਂ ਮੁਨਾਫ਼ੇ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਨੂੰ ਮਾਣਤਾ ਮਿਲੀ ਹੈ। ਵਿਸ਼ੇਸ਼ ਤੌਰ ਤੇ ਕੇਂਦਰ ਵੱਲੋਂ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਉੱਘਾ ਕਾਰਜ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਸਿਖਲਾਈਆਂ, ਖੇਤ ਪ੍ਰਦਰਸ਼ਨ, ਜਾਗਰੂਕਤਾ ਮੁਹਿੰਮਾਂ ਅਤੇ ਪਸਾਰ ਗਤੀਵਿਧੀਆਂ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕਾਰਜ ਜਾਰੀ ਹੈ। ਵੱਖ-ਵੱਖ ਫ਼ਸਲਾਂ ਲਈ 25 ਨਦੀਨ ਰੋਕੂ ਸਿਫ਼ਾਰਸ਼ਾਂ ਦੇ ਨਾਲ-ਨਾਲ ਕੇਂਦਰ ਵੱਲੋਂ ਨਾਸ ਰੇਟਡ 64 ਪ੍ਰਕਾਸ਼ਨਾਵਾਂ ਸਾਹਮਣੇ ਆਈਆਂ,ਨਾਲ ਹੀ 11 ਤਕਨੀਕੀ ਬੁਲਿਟਨ, 6 ਕਿਤਾਬਾਂ ਦੇ ਅਧਿਆਇ ਅਤੇ 35 ਮਕਬੂਲ ਲੇਖਾਂ ਸਮੇਤ 12 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਖੋਜ ਵੀ ਵਿਸ਼ੇ ਵੱਲ ਸੇਧਤ ਰਹੀ। ਇਸ ਟੀਮ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਹੋਰ ਬਿਹਤਰ ਕਾਰਜ ਲਈ ਟੀਮ ਨੂੰ ਪ੍ਰੇਰਿਤ ਕੀਤਾ।