ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਮਿਲੇ ਯੂਗਾਂਡਾ ਦੇ ਮੁੱਖ ਸਫੀਰ

-ਬੁਨਯੋਰੋ ’ਵਰਸਿਟੀ ਦੇ ਵਫ਼ਦ ਵੱਲੋਂ ਵੀ ਕੀਤੀ ਗਈ ਮੁਲਾਕਾਤ
-ਸੈਸ਼ਨ ਦਾ ਸੰਚਾਲਨ ਖੇਤੀ ਪੱਤਰਕਾਰੀ ਸੱਭਿਆਚਾਰ ਅਤੇ ਭਸ਼ਾਵਾਂ ਵਿਭਾਗ ਦੇ ਮੁਖੀ ਡਾ. ਸ਼ੀਤਲ ਥਾਪਰ ਨੇ ਕੀਤਾ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਯੂਗਾਂਡਾ ਦੇ ਮੁੱਖ ਸਫੀਰ ਅਤੇ ਬੁਨਯੋਰੋ ਯੂਨੀਵਰਸਿਟੀ ਯੂਗਾਂਡਾ ਦੇ ਵਿਸ਼ੇਸ਼ ਵਫ਼ਦ ਨੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀਏਯੂ. ਅਤੇ ਬੁਨਯੋਰੋ ਯੂਨੀਵਰਸਿਟੀ ਵਿਚਕਾਰ ਅਕਾਦਮਿਕ ਸਹਿਯੋਗ ਦੇ ਨਾਲ-ਨਾਲ ਯੂਗਾਂਡਾ ਦੇ ਉਸ ਖੇਤਰ ਵਿੱਚ ਨਵੀਂ ਯੂਨੀਵਰਸਿਟੀ ਸਥਾਪਿਤ ਕਰਨ ਬਾਰੇ ਵੀ ਚਰਚਾ ਹੋਈ।
ਯੂਗਾਂਡਾ ਦੇ ਵਫ਼ਦ ਦੀ ਅਗਵਾਈ ਪ੍ਰੋਫੈਸਰ ਸੈਨੂਅਲ ਕੇਮਾਨਵਾ ਨੇ ਕੀਤੀ। ਇਸ ਤੋਂ ਇਲਾਵਾ ਉਨਾਂ ਨਾਲ ਯੂਗਾਂਡਾ ਦੇ ਸਫਾਰਤਖਾਨੇ ਦੇ ਉੱਚ ਅਧਿਕਾਰੀ ਅਤੇ ਸਿੱਖਿਆ ਅਤੇ ਖੇਡਾਂ ਮੰਤਰਾਲੇ ਦੇ ਪ੍ਰਤੀਨਿਧ ਵੀ ਸ਼ਾਮਿਲ ਸਨ। ਇਸ ਵਫ਼ਦ ਵਿੱਚ ਬਾਕਰ ਬਾਲੂਨਾਵਾ ਨੈਨਤਾਬੁਣਾ, ਮੋਬਾਨੀਕਾ ਬਰਾਇਨ, ਹੋਪ ਨਾਕੀਬੋਵਾ ਸਾਨਿਯੂ, ਪ੍ਰੋਫੈਸਰ ਗਰੇਸ ਬੈਨਟੇਵਾ ਕਿਉਮਾਂਡੂ, ਡਾ. ਉਸਲੀਮ ਸਟੀਫਨ ਐਸੀਮਵੇ, ਅਲੀਸ਼ਾ ਓਬੇਲਾ, ਡੇਬਰਾ ਓਬੋਰੀ ਅਪੋਇਆ, ਤੀਮੋਥੀ ਮਸੋਕੇ ਸਜੋਬਾ ਅਤੇ ਡੇਵਿਡ ਲਿਵਿੰਗਸਟੋਨ ਨਾਮੀ ਉੱਚ ਅਧਿਕਾਰੀ ਸ਼ਾਮਿਲ ਸਨ ਜਿਨ੍ਹਾਂ ਵਿੱਚ ਬੁਨਯੋਰੋ ਯੂਨੀਵਰਸਿਟੀ ਦੇ ਅਕਾਦਮਿਕ ਅਧਿਕਾਰੀਆਂ ਦਾ ਦਰਜਾ ਸ਼ਾਮਿਲ ਹੈ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਯੂਨੀਵਰਸਿਟੀ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਜਾਣਕਾਰੀ ਮੁਹੱਈਆ ਕਰਵਾਉਦਿਆਂ ਦੱਸਿਆ ਕਿ ਇਹ ਸੰਸਥਾ ਪਿਛਲੇ ਛੇ ਦਹਾਕਿਆਂ ਤੋਂ ਨਾ ਸਿਰਫ ਭਾਰਤ ਦੇ ਖੇਤੀ ਅਤੇ ਕਿਸਾਨੀ ਜੀਵਨ ਨੂੰ ਵਿਗਿਆਨਕ ਦਿਸ਼ਾ ਵਿੱਚ ਲਿਜਾ ਕੇ ਖਿੱਤੇ ਦੇ ਲੋਕਾਂ ਦੀ ਅੰਨ ਸੁਰੱਖਿਆ ਦੀ ਪੂਰਤੀ ਕਰ ਰਹੀ ਹੈ ਬਲਕਿ ਖੋਜ, ਸਿੱਖਿਆ ਅਤੇ ਪਸਾਰ ਲਈ ਪਾਏ ਅਹਿਮ ਯੋਗਦਾਨ ਸਦਕਾ ਇਸਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਹੋਣ ਦਾ ਮਾਣ ਵੀ ਹਾਸਲ ਹੋਇਆ ਹੈ। ਡਾ. ਗੋਸਲ ਨੇ ਇਸ ਸੰਸਥਾ ਵਿੱਚੋਂ ਨਿਕਲੀਆਂ ਹੋਰ ਖੇਤੀਬਾੜੀ ਸੰਸਥਾਵਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਉਹਨਾਂ ਨੇ 970 ਦੇ ਆਸਪਾਸ ਕਿਸਮਾਂ ਵਿਕਸਿਤ ਕੀਤੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ। ਡਾ. ਗੋਸਲ ਨੇ ਦੱਸਿਆ ਕਿ ਦੇਸ਼ ਵਿੱਚ ਖੇਤੀ ਮਸ਼ੀਨਰੀ ਦਾ ਵਡੇਰਾ ਹਿੱਸਾ ਪੀਏਯੂ. ਵੱਲੋਂ ਵਿਕਸਿਤ ਕੀਤਾ ਗਿਆ, ਨਾਲ ਹੀ ਕਾਸ਼ਤ ਤਕਨੀਕਾਂ, ਕੀਟ ਪ੍ਰਬੰਧਨ, ਪੌਦ ਸੁਰੱਖਿਆ, ਪ੍ਰੋਸੈਸਿੰਗ ਅਤੇ ਮੁੱਲਵਾਧਾ, ਜਿਣਸਾਂ ਤੋਂ ਉਤਪਾਦ ਨਿਰਮਾਣ, ਸਹਾਇਕ ਕਿੱਤੇ, ਖੇਤੀ ਆਮਦਨ ਵਿੱਚ ਵਾਧਾ ਆਦਿ ਅਜਿਹੇ ਖੇਤਰ ਹਨ ਜਿਨ੍ਹਾਂ ਵਿੱਚ ਪੀਏਯੂ. ਨੇ ਬੇਮਿਸਾਲ ਕਾਰਜ ਅੰਜਾਮ ਦਿੱਤਾ ਹੈ। ਡਾ. ਗੋਸਲ ਨੇ ਦੱਸਿਆ ਕਿ ਨਵੀਆਂ ਖੇਤੀ ਤਕਨੀਕਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਭਵਿੱਖ ਲਈ ਵਾਤਾਵਰਨ ਪੱਖੀ ਕਿਸਮਾਂ ਦੀ ਖੋਜ, ਸਪੀਡ ਬਰੀਡਿੰਗ, ਜੀਨੋਮ ਸੰਪਾਦਨ, ਬਰੀਕ ਖੇਤੀਬਾੜੀ ਅਤੇ ਡਿਜ਼ੀਟਲ ਤਕਨੀਕਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਨੂੰ ਸੰਸਾਰ ਪੱਧਰ ਤੇ ਖੇਤੀ ਸੰਸਥਾਵਾਂ ਦੇ ਵਿਸ਼ੇਸ਼ ਵਰਗ ਵਿੱਚ ਮਾਣਤਾ ਦਿੱਤੀ ਗਈ ਹੈ ਅਤੇ ਇਸ ਲਿਹਾਜ਼ ਨਾਲ ਪੀਏਯੂ. ਤਜਰਬੇ ਦੇ ਵਟਾਂਦਰੇ ਲਈ ਕੌਮਾਂਤਰੀ ਪੱਧਰ ਤੇ ਵਿਸ਼ੇਸ਼ ਯਤਨ ਕਰ ਰਹੀ ਹੈ। ਦੋਵਾਂ ਸੰਸਥਾਵਾਂ ਦੀ ਸਾਂਝ ਅਤੇ ਸਹਿਯੋਗ ਬਾਰੇ ਆਸ ਪ੍ਰਗਟ ਕਰਦਿਆਂ ਪੋ੍ਰਫੈਸਰ ਸੈਨੂਅਲ ਕਿਆਨਵਾ ਨੇ ਕੀਕੁਬੇ ਖੇਤਰ ਵਿੱਚ ਨਵੀਂ ਪਬਲਿਕ ਯੂਨੀਵਰਸਿਟੀ ਦੀ ਸਥਾਪਨਾ ਲਈ ਇੱਛਾ ਪ੍ਰਗਟਾਈ। ਉਨਾਂ ਕਿਹਾ ਕਿ ਇਸ ਨਾਲ ਖੇਤੀ ਬਾਰੇ ਉੱਚ ਸਿੱਖਿਆ ਅਤੇ ਉੱਚ ਪੱਧਰੀ ਤਕਨੀਕਾਂ ਦਾ ਪਸਾਰ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਵਫ਼ਦ ਨੇ ਪੀਏਯੂ. ਦਾ ਦੌਰਾ ਕਰਕੇ ਯੂਨੀਵਰਸਿਟੀ ਦੇ ਪ੍ਰਬੰਧ ਨੂੰ ਵਿਸ਼ੇਸ਼ ਤੌਰ ਤੇ ਦੇਖਿਆ। ਉਨਾਂ ਖੇਤੀ ਖੋਜ, ਅਕਾਦਮਿਕ ਅਤੇ ਪਸਾਰ ਦੇ ਨਾਲ-ਨਾਲ ਵਿਦਿਆਰਥੀ ਭਲਾਈ ਗਤੀਵਿਧੀਆਂ ਅਤੇ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਸੰਬੰਧੀ ਜਾਣਕਾਰੀ ਹਾਸਲ ਕੀਤੀ।
---
ਵਿਸ਼ੇਸ਼ ਪੇਸ਼ਕਾਰੀ ਰਾਹੀਂ ਯੂਨੀਵਰਸਿਟੀ ਦੀ ਕਾਰਜਪ੍ਰਣਾਲੀ ਬਾਰੇ ਕਰਵਾਇਆ ਜਾਣੂ
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇੱਕ ਵਿਸ਼ੇਸ਼ ਪੇਸ਼ਕਾਰੀ ਰਾਹੀਂ ਯੂਨੀਵਰਸਿਟੀ ਦੀ ਕਾਰਜਪ੍ਰਣਾਲੀ ਦੀ ਜਾਣਕਾਰੀ ਦਿੱਤੀ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਸੰਬੰਧੀ ਜਾਣਕਾਰੀ ਦਿੱਤੀ। ਪਸਾਰ ਗਤੀਵਿਧੀਆਂ ਬਾਰੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋਜ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦਾ ਸੁਚਾਰੂ ਢਾਂਚਾ ਕਾਰਜਸ਼ੀਲ ਹੈ। ਵਫ਼ਦ ਨੇ ਪੀਏਯੂ. ਦੇ ਸੁਯੋਗ ਕਾਰਜ ਢਾਂਚੇ ਨੂੰ ਗਹੁ ਨਾਲ ਦੇਖਿਆ ਅਤੇ ਇਸਦੀ ਪ੍ਰਣਾਲੀ ਬਾਰੇ ਵਿਸ਼ੇਸ਼ ਦਿਲਚਸਪੀ ਦਿਖਾਈ। ਸੈਸ਼ਨ ਦਾ ਸੰਚਾਲਨ ਖੇਤੀ ਪੱਤਰਕਾਰੀ ਸੱਭਿਆਚਾਰ ਅਤੇ ਭਸ਼ਾਵਾਂ ਵਿਭਾਗ ਦੇ ਮੁਖੀ ਡਾ. ਸ਼ੀਤਲ ਥਾਪਰ ਨੇ ਕੀਤਾ। ਇਸ ਮੌਕੇ ਸਥਾਪਿਤ ਨਵੀਨ ਖੇਤੀ ਕੇਂਦਰਾਂ ਜਿਵੇਂ ਸਪੀਡ ਬਰੀਡਿੰਗ ਲੈਬ, ਟਿਸ਼ੂ ਕਲਚਰ ਲੈਬਾਰਟਰੀ, ਐਗਰੋ ਪ੍ਰੋਸੈਸਿੰਗ ਕੰਪਲੈਕਸ, ਭੋਜਨ ਉਦਯੋਗ ਕੇਂਦਰ ਅਤੇ ਖੇਡ ਮੈਦਾਨਾਂ ਦਾ ਦੌਰਾ ਕਰਦਿਆਂ ਵਫ਼ਦ ਨੇ ਪ੍ਰਸ਼ੰਸ਼ਾ ਭਾਵ ਪ੍ਰਗਟ ਕੀਤੇ।