ਹੁਣ ਆਮ ਲੋਕ ਵੀ ਇਸਤੇਮਾਲ ਕਰ ਸਕਣਗੇ ਪੀਏਯੂ ਦਾ ਸਵੀਮਿੰਗ ਪੂਲ
ਹੁਣ ਆਮ ਲੋਕ ਵੀ ਇਸਤੇਮਾਲ ਕਰ ਸਕਣਗੇ ਪੀਏਯੂ ਦਾ ਸਵੀਮਿੰਗ ਪੂਲ
Publish Date: Mon, 18 May 2026 06:22 PM (IST)
Updated Date: Tue, 19 May 2026 04:07 AM (IST)
-ਵਾਈਸ ਚਾਂਸਲਰ ਨੇ ਗਰਮੀਆਂ ਦੇ ਮੌਜੂਦਾ ਸੀਜ਼ਨ ਲਈ ਪੂਲ ਖੋਲ੍ਹਣ ਦਾ ਕੀਤਾ ਐਲਾਨ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇੱਕ ਰਸਮੀ ਸਮਾਰੋਹ ਦੌਰਾਨ ਪੀਏਯੂ. ਦੇ ਸਵੀਮਿੰਗ ਪੂਲ ਨੂੰ ਗਰਮੀਆਂ ਦੇ ਮੌਜੂਦਾ ਸੀਜ਼ਨ ਲਈ ਖੋਲ੍ਹਣ ਦਾ ਐਲਾਨ ਕੀਤਾ। ਡਾ. ਗੋਸਲ ਨੇ ਇਸ ਦੌਰਾਨ ਕਿਹਾ ਕਿ ਸਵੀਮਿੰਗ ਪੂਲ ਨੂੰ ਵਿਦਿਆਰਥੀਆਂ ਅਤੇ ਹੋਰ ਲੋਕਾਂ ਲਈ ਖੋਲਿਆ ਜਾਣਾ ਫਿਟਨੈਸ ਅਤੇ ਸਿਹਤ ਸੰਬੰਧੀ ਜਾਗਰੂਕਤਾ ਦੇ ਨਜ਼ਰੀਏ ਤੋਂ ਅਹਿਮ ਪੜਾਅ ਹੁੰਦਾ ਹੈ। ਉਨਾਂ ਕਿਹਾ ਕਿ ਉਹ ਰਾਸ਼ਟਰੀ ਪੱਧਰ ਤੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ। ਉਨਾਂ ਇਸਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਸਮਾਰੋਹ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਆਸ ਪ੍ਰਗਟਾਈ ਕਿ ਗਰਮ ਰੁੱਤ ਵਿੱਚ ਵਿਦਿਆਰਥੀ ਆਪਣੀ ਫਿਟਨੈਸ ਲਈ ਇਸ ਸਵੀਮਿੰਗ ਪੂਲ ਦਾ ਲਾਭ ਉਠਾਉਣਗੇ। ਉਨਾਂ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਇਸਤੇਮਾਲ ਕੀਤੇ ਜਾਣ ਦੇ ਤਹੱਈਏ ਨੂੰ ਦੁਹਰਾਇਆ। ਪੀਏਯੂ. ਦੇ ਤੈਰਾਕੀ ਕੋਚ ਅਜੇ ਸ਼ਰਮਾ ਨੇ ਦੱਸਿਆ ਕਿ ਇਹ ਸਵੀਮਿੰਗ ਪੂਲ ਪੀਏਯੂ. ਤੋਂ ਇਲਾਵਾ ਲੁਧਿਆਣਾ ਦੇ ਆਮ ਲੋਕਾਂ ਲਈ ਵੀ ਸੇਵਾਵਾਂ ਮੁਹੱਈਆ ਕਰਵਾਏਗਾ। ਉਨਾਂ ਇਹ ਵੀ ਕਿਹਾ ਕਿ ਇਸ ਪੂਲ ਵਿੱਚ ਓਲੰਪਿਕ ਪੱਧਰ ਦੇ ਮਿਆਰ ਨਿਰਧਾਰਤ ਕੀਤੇ ਗਏ ਹਨ ਜਿਸ ਨਾਲ ਤੈਰਾਕੀ ਦੀ ਸਿਖਲਾਈ ਲੈਣ ਵਾਲਿਆਂ ਨੂੰ ਸੁਵਿਧਾ ਹੋ ਸਕੇ। ਇਸ ਮੌਕੇ ਡਾ. ਰੁਪਿੰਦਰ ਕੌਰ, ਡਾ. ਹਰਮੀਤ ਸਿੰਘ ਕਿੰਗਰਾ, ਡਾ ਸੁਖਬੀਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਧਰਮਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਮੌਜੂਦ ਸਨ।